ਫਿਰੋਜ਼ਪੁਰ: ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਚਰਚਾ 'ਚ ਆਏ ਸਥਾਨਕ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਬੰਦ ਗੈਂਗਸਟਰ ਮਨ੍ਰਪੀਤ ਸਿੰਘ ਮੰਨਾ ਕੋਲੋਂ ਤਲਾਸ਼ੀ ਦੌਰਾਨ ਮੋਬਾਈਲ ਫੋਨ ਸਮੇਤ ਸਿੰਮ ਕਾਰਡ ਬਰਾਮਦ ਹੋਇਆ ਹੈ। ਤਲਾਸ਼ੀ ਦੌਰਾਨ ਜੇਲ੍ਹ ਪ੍ਰਸਾਸ਼ਨ ਨੂੰ ਧਮਕੀਆਂ ਦੇਣ ਤੇ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਦੀ ਪ੍ਰਾਪਤ ਹੋਈ ਸ਼ਿਕਾਇਤ ’ਤੇ ਥਾਣਾ ਸਿਟੀ ਪੁਲਿਸ ਨੇ ਗੈਂਗਸਟਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।


ਪੁਲਿਸ ਨੂੰ ਭੇਜੇ ਪੱਤਰ ਨੰਬਰ 4024 ਵਿਚ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸਮੇਤ ਸਾਥੀ ਕਰਮਚਾਰੀਆਂ ਦੇ ਗੁਪਤ ਸੂਚਨਾ ਦੇ ਆਧਾਰ ’ਤੇ ਹਾਈ ਸਕਿਉਰਿਟੀ ਜੋਨ ਦੇ ਸੈੱਲ ਬਲਾਕ ਨੰਬਰ 3 ਦੀ ਚੱਕੀ ਨੰਬਰ 1 'ਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦੀ ਤਲਾਸ਼ੀ ਕਰਨ ’ਤੇ ਉਸ ਕੋਲੋਂ ਇਕ ਮੋਬਾਈਲ ਫੋਨ ਮਾਰਕਾ ਸੈਮਸੰਗ ਟੱਚ ਸਕਰੀਨ ਸਮੇਤ ਏਅਰਟੈੱਲ ਕੰਪਨੀ ਦਾ ਸਿੰਮ ਕਾਰਡ ਬਰਾਮਦ ਹੋਇਆ।


ਸਹਾਇਕ ਸੁਪਰਡੈਂਟ ਅਨੁਸਾਰ ਜਦੋਂ ਇਸ ਹਵਾਲਾਤੀ ਦੀ ਤਲਾਸ਼ੀ ਕੀਤੀ ਜਾ ਰਹੀ ਸੀ ਤਾਂ ਉਸਨੇ ਜੇਲ੍ਹ ਪ੍ਰਸਾਸ਼ਨ ਨੂੰ ਧਮਕੀਆਂ ਦਿੱਤੀਆਂ ਅਤੇ ਮੌਕੇ ’ਤੇ ਮੌਜੂਦ ਜੇਲ੍ਹ ਅਧਿਕਾਰੀਆਂਕ ਨਾਲ ਬਦਸਲੂਕੀ ਨਾਲ ਪੇਸ਼ ਆਇਆ ਤੇ ਅਪਸ਼ਬਦ ਬੋਲੇ। ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜੰਗ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਦੀ ਸੂਚਨਾ ਦੇ ਆਧਾਰ ’ਤੇ ਥਾਣਾ ਸਿਟੀ ਫ਼ਿਰੋਜ਼ਪੌਰ ਵਿਖੇ ਗੈਂਗਸਟਰ ਹਵਾਲਾਤੀ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਖੰਡੇ ਵਾਲਾ ਚੌਂਕ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਹਾਲ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਖਿਲਾਫ਼ ਧਾਰਾ 52-ਏ ਪ੍ਰੀਜਨਜ਼ ਐਕਟ, 506 IPC ਤਹਿਤ ਮੁਕਦਮਾ  ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।