ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤੇ ਹੈ ਕਿ ਕੋਵਿਡ-19 ਸੰਕਟ ਨਾਲ ਲੜਨ ਵਾਸਤੇ ਮੋਦੀ ਸਰਕਾਰ ਨੇ ਦੁਆਨੀ ਨਹੀਂ ਦਿੱਤੀ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਪੰਜਾਬ ਅਜੇ ਤੱਕ ਕੇਂਦਰ ਤੋਂ ਸਿਰਫ ਆਪਣੇ ਹਿੱਸੇ ਦਾ ਜੀਐਸਟੀ ਬਕਾਇਆ ਹੀ ਮਿਲਿਆ ਹੈ। ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਪੰਜਾਬ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ।


ਦਰਅਸਲ ਮੋਦੀ ਸਰਕਾਰ ਵਿੱਚ ਮੰਤਰੀ ਹਰਸਿਮਰਤ ਬਾਦਲ ਨੇ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ ਪੰਜਾਬ ਨੂੰ ਕੋਵਿਡ-19 ਸੰਕਟ ਨਾਲ ਲੜਨ ਵਾਸਤੇ ਕੇਂਦਰ ਤੋਂ ਫੰਡ ਤੇ ਗਰਾਂਟ ਮਿਲੇ ਹਨ ਪਰ ਪੰਜਾਬ ਸਰਕਾਰ ਉਨ੍ਹਾਂ ਨੂੰ ਸਹੀ ਢੰਗ ਨਾਲ ਨਹੀਂ ਵੰਡ ਰਹੀ। ਇਸ ਦਾ ਤੁਰੰਤ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਕੇਂਦਰ ਨੇ ਤਾਂ ਕੋਈ ਫੰਡ ਦਿੱਤਾ ਹੀ ਨਹੀਂ। ਉਲਟਾ ਅਜੇ ਵੀ ਕੇਂਦਰ ਵੱਲ ਪੰਜਾਬ ਦਾ 4,400 ਕਰੋੜ ਰੁਪਏ ਬਕਾਇਆ ਖੜ੍ਹਾ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਹਰਸਿਮਰਤ ਦੀ ਸੂਚਨਾ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਕੇਂਦਰ ਸਰਕਾਰ ਪਾਸੋਂ ਕੋਵਿਡ-19 ਖ਼ਿਲਾਫ਼ ਨਜਿੱਠਣ ਵਾਸਤੇ ਕੋਈ ਪੈਸਾ ਨਹੀਂ ਮਿਲਿਆ। ਜਿਹੜਾ ਉਨ੍ਹਾਂ ਵੱਲੋਂ 2,366 ਕਰੋੜ ਰੁਪਏ ਦਾ ਜ਼ਿਕਰ ਕੀਤਾ ਗਿਆ ਹੈ, ਉਹ ਜੀਐਸਟੀ ਦੇ ਹਿੱਸੇ ਵਜੋਂ ਸੂਬੇ ਦਾ ਬਕਾਇਆ ਪੈਸਾ ਸੀ। ਇੱਥੋਂ ਤੱਕ ਕਿ ਹਾਲੇ ਵੀ ਸੂਬੇ ਦਾ 4,400 ਕਰੋੜ ਰੁਪਏ ਕੇਂਦਰ ਸਰਕਾਰ ਕੋਲ ਬਕਾਇਆ ਪਿਆ ਹੈ।