ਬਠਿੰਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਠਿੰਡਾ ਵਿੱਚ ਪੰਜਾਬ ਦੇ ਕਿਸਾਨਾਂ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਮਿਲ ਜਾਏ ਤਾਂ ਉਹ ਮਿੱਟੀ ਵਿੱਚੋਂ ਵੀ ਸੋਨਾ ਪੈਦਾ ਕਰ ਸਕਦੇ ਹਨ।
ਸੱਤਲੁਜ-ਯਮਨਾ ਲਿੰਕ ਨਹਿਰ ਤੋਂ ਧਿਆਨ ਲਾਂਭੇ ਕਰਦਿਆਂ ਮੋਦੀ ਨੇ ਕਿਹਾ ਕਿ ਕਿਸਾਨਾਂ ਦੇ ਸਿੰਧੂ ਦਰਿਆ ਦੇ ਪਾਣੀ 'ਤੇ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਹੱਕ ਦੇ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਨਹੀਂ ਜਾਏਗੀ। ਮੋਦੀ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਅਪੀਲ ਕੀਤੀ।
ਬਠਿੰਡਾ ਵਿੱਚ ਏਮਜ਼ ਦਾ ਨੀਂਹ ਪੱਥਰ ਰੱਖਣ ਪਹੁੰਚੇ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੋਟਬੰਦੀ ਨਾਲ ਕਾਲੇ ਕਾਰੋਬਾਰ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਕਾਲਾ ਕਾਰੋਬਾਰ ਦੇਸ਼ ਨੂੰ ਸਿਊਂਕ ਵਾਂਗ ਖਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਪਾਕਿਸਤਾਨ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਭਰਤ ਵੱਲੋਂ ਕੀਤੇ ਸਰਜੀਕਲ ਸਟ੍ਰਾਇਕ ਨਾਲ ਪਾਕਿਸਤਾਨ ਵਿੱਛ ਹੜਕੰਪ ਮੱਚਿਆ ਹੋਇਆ ਹੈ।