Punjab News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਇਸ ਤੋਂ ਬਾਅਦ ਉਹ ਗੁਰਦਾਸਪੁਰ ਪਹੁੰਚੇ। ਇੱਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ, ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ 1600 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਤੇ ਜ਼ਖਮੀਆਂ ਲਈ 50 ਹਜ਼ਾਰ ਦਾ ਐਲਾਨ ਕੀਤਾ ਹੈ।  ਇਸ ਤੋਂ ਬਾਅਦ ਹੁਣ ਸਿਆਸੀ ਲੀਡਰਾਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

Continues below advertisement


ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਸੋਚ ਰਹੇ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਹਨ, ਪੰਜਾਬ ਨੂੰ ਵੱਡੀ ਰਾਹਤ ਮਿਲੇਗੀ ਪਰ ਇਹ ਸਮੁੰਦਰ ਵਿੱਚ ਇੱਕ ਬੂੰਦ ਵਾਂਗ ਹੈ। ਉਨ੍ਹਾਂ ਕਿਹਾ ਕਿ 1600 ਕਰੋੜ ਦਾ ਐਲਾਨ ਕੀਤਾ ਗਿਆ ਹੈ ਪਤਾ ਨਹੀਂ ਸਾਨੂੰ ਕਦੋਂ ਮਿਲੇਗਾ। ਇਸ ਵਾਰ ਨੁਕਸਾਨ ਬਹੁਤ ਜ਼ਿਆਦਾ ਹੈ। 






ਇਸ ਤੋਂ ਇਲਾਵ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ "ਸਾਗਰ ਜਿੰਨਾ ਹੜ੍ਹ ਤੇ ਗਾਗਰ ਜਿੰਨਾ ਮੁਆਵਜ਼ਾ।” ਮਾਣਯੋਗ ਮੋਦੀ ਜੀ, ਪੰਜਾਬ ਨੂੰ ਤੁਹਾਡੇ ਤੋਂ ਇਸ ਤੋਂ ਕਈ ਗੁਣਾ ਵੱਧ ਉਮੀਦ ਸੀ। ਉਮੀਦ ਸੀ ਤੁਸੀਂ ਐਲਾਨ ਕਰੋਗੇ ਜਿਸ ਨਾਲ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਤ੍ਰਾਸਦੀ ਤੋਂ ਬਚ ਸਕਣ, ਪਰ ਤੁਸੀਂ ਤਾਂ ਅੱਜ ਦੀ ਪੀੜ੍ਹੀ ਨੂੰ ਵੀ ਰਾਹਤ ਨਾ ਦਿੱਤੀ।






ਇਸ ਤੋਂ ਇਲਾਵਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ  ਪੰਜਾਬ ਦੇ ਹੜ੍ਹਾਂ ਦੀ ਤਬਾਹੀ ਲਈ 1,600 ਕਰੋੜ ਰੁਪਏ ਲੋਕਾਂ ਦੇ ਦੁੱਖਾਂ ਦਾ ਅਪਮਾਨ ਹੈ। ਪੂਰੇ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ, ਫਸਲਾਂ ਰੇਤ ਹੇਠ ਦੱਬੀਆਂ ਹੋਈਆਂ ਹਨ, ਪਰਿਵਾਰ ਬੇਘਰ ਹੋਏ ਹਨ ਇਹ ਹਮਦਰਦੀ ਨਹੀਂ, ਇਹ ਬੇਰਹਿਮੀ ਹੈ।



ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਖਜ਼ਾਨੇ ਵਿੱਚ ਪਹਿਲਾਂ ਤੋਂ ਮੌਜੂਦ 12,000 ਕਰੋੜ ਰੁਪਏ ਤੋਂ ਇਲਾਵਾ ਪੰਜਾਬ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। SDRF ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਦੂਜੀ ਕਿਸ਼ਤ ਪਹਿਲਾਂ ਹੀ ਜਾਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਪੂਰੇ ਖੇਤਰ ਅਤੇ ਇਸਦੇ ਲੋਕਾਂ ਨੂੰ ਠੀਕ ਹੋਣ ਵਿੱਚ ਮਦਦ ਕਰਨ ਲਈ ਇੱਕ ਬਹੁ-ਆਯਾਮੀ ਪਹੁੰਚ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰਾਂ ਦੀ ਮੁੜ ਉਸਾਰੀ, ਰਾਸ਼ਟਰੀ ਰਾਜਮਾਰਗਾਂ ਨੂੰ ਬਹਾਲ ਕਰਨਾ, ਸਕੂਲਾਂ ਦਾ ਪੁਨਰ ਨਿਰਮਾਣ, PMNRF ਰਾਹੀਂ ਰਾਹਤ ਪ੍ਰਦਾਨ ਕਰਨਾ ਅਤੇ ਪਸ਼ੂਆਂ ਲਈ ਮਿੰਨੀ ਕਿੱਟਾਂ ਵੰਡਣ ਵਰਗੇ ਉਪਾਅ ਸ਼ਾਮਲ ਹੋਣਗੇ।