ਚੰਡੀਗੜ੍ਹ: ਕਰਤਾਰਪੁਰ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਹੋ ਰਿਹਾ ਹੈ। ਇਸ ਸਬੰਧੀ ਸਭ ਕੁਝ ਤੈਅ ਹੋ ਗਿਆ ਹੈ ਪਰ ਇਹ ਅਜੇ ਵੀ ਬੁਝਾਰਤ ਬਣੀ ਹੋਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਸਰਕਾਰ ਜਾਂ ਫਿਰ ਸ਼੍ਰੋਮਣੀ ਕਮੇਟੀ ਦੀ ਸਟੇਜ਼ 'ਤੇ ਜਾਣਗੇ। ਸ਼੍ਰੋਮਣੀ ਅਕਾਲੀ ਦਲ ਦਾਅਵਾ ਕਰ ਰਿਹਾ ਹੈ ਕਿ ਮੋਦੀ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਟੇਜ਼ 'ਤੇ ਜਾਣਗੇ।


ਦਿਲਚਸਪ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੋਵਾਂ ਵੱਲੋਂ ਸੱਦਾ ਦਿੱਤਾ ਗਿਆ ਹੈ। ਅਜਿਹੇ ਵਿੱਚ ਪ੍ਰਧਾਨ ਮੰਤਰੀ ਲਈ ਵੀ ਫੈਸਲਾ ਲੈਣਾ ਔਖਾ ਹੈ। ਪ੍ਰੋਟੋਕੋਲ ਮੁਤਾਬਕ ਉਨ੍ਹਾਂ ਦਾ ਸਰਕਾਰੀ ਸਟੇਜ਼ 'ਤੇ ਜਾਣਾ ਬਣਦਾ ਹੈ ਕਿਉਂਕਿ ਇਹ ਸਮਾਗਮ ਸਰਕਾਰੀ ਪੱਧਰ 'ਤੇ ਮਨਾਏ ਜਾ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਬੀਜੇਪੀ ਦਾ ਭਾਈਵਾਲ ਹੈ।

ਸੂਤਰਾਂ ਮੁਤਾਬਕ ਇਹ ਵੀ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਾ ਤਾਂ ਪੰਜਾਬ ਸਰਕਾਰ ਦੇ ਪੰਡਾਲ ਵਿੱਚ ਜਾਣ ਤੇ ਨਾ ਹੀ ਗੁਰੂ ਨਾਨਕ ਸਟੇਡੀਅਮ ਵਿੱਚ ਲੱਗੇ ਅਕਾਲੀਆਂ ਦੇ ਪੰਡਾਲ ਵਿੱਚ ਸ਼ਿਰਕਤ ਕਰਨ। ਉਂਝ ਪ੍ਰਧਾਨ ਮੰਤਰੀ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਕੇਟਣ ਪਹੁੰਚਣਗੇ। ਇਸ ਲਈ ਉਨ੍ਹਾਂ ਦੇ ਸੁਰੱਖਿਆ ਦਸਤਿਆਂ ਨੇ ਗੁਰਦੁਆਰਾ ਬੇਰ ਸਾਹਿਬ ਕੰਪਲੈਕਸ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ।

ਸੂਤਰਾਂ ਮੁਤਾਬਕ ਮੋਦੀ 9 ਨਵੰਬਰ ਨੂੰ ਸੁਲਤਾਨਪੁਰ ਲੋਧੀ ਆਉਗੇ। ਡੇਰਾ ਬਾਬਾ ਨਾਨਕ ਜਾਣ ਤੋਂ ਪਹਿਲਾਂ ਉਹ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਣਗੇ ਪਰ ਉਹ ਕਿਸੇ ਵੀ ਪੰਡਾਲ ਵਿੱਚ ਨਹੀਂ ਜਾਣਗੇ। ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਸਰਕਾਰ ਵਿੱਚ ਖਿੱਚੋਤਾਣ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਕਿਸ ਸਟੇਜ ’ਤੇ ਜਾਣਗੇ।