ਮੋਹਾਲੀ 'ਚ ਪੈ ਗਈਆਂ ਭਾਜੜਾਂ! ਛੱਤਬੀੜ ਚਿੜ੍ਹੀਆਘਰ ‘ਚ ਇਲੈਕਟ੍ਰਿਕ ਗੱਡੀਆਂ ‘ਚ ਲੱਗੀ ਅੱਗ, 12 ਵਾਹਨ ਸੜੇ; ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ
ਮੋਹਾਲੀ ਦੇ ਛੱਤਬੀੜ ਚਿੜ੍ਹੀਆਘਰ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਸੈਲਾਨੀਆਂ ਨੂੰ ਘੁੰਮਾਉਣ ਲਈ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਿਕ ਗੱਡੀਆਂ ‘ਚ ਅੱਗ ਲੱਗ ਗਈ। ਲਗਭਗ 12 ਗੱਡੀਆਂ ਅੱਗ ਦੀ ਚਪੇਟ ‘ਚ ਆ ਗਈਆਂ।

ਪੰਜਾਬ ਦੇ ਮੋਹਾਲੀ ਦੇ ਛੱਤਬੀੜ ਚਿੜ੍ਹੀਆਘਰ ‘ਚ ਸੈਲਾਨੀਆਂ ਨੂੰ ਘੁੰਮਾਉਣ ਲਈ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਿਕ ਗੱਡੀਆਂ ‘ਚ ਅੱਗ ਲੱਗ ਗਈ। ਲਗਭਗ 12 ਗੱਡੀਆਂ ਅੱਗ ਦੀ ਚਪੇਟ ‘ਚ ਆ ਗਈਆਂ। ਇਹ ਅੱਗ ਉਸ ਵੇਲੇ ਲੱਗੀ, ਜਦੋਂ ਗੱਡੀਆਂ ਚਾਰਜਿੰਗ ਸਟੇਸ਼ਨ ‘ਤੇ ਖੜੀਆਂ ਸਨ। ਜਿਵੇਂ ਹੀ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ, ਚਿੜੀਆਘਰ ਦੇ ਮੁਲਾਜ਼ਮਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੀਰਕਪੁਰ ਤੋਂ ਬੁਲਾਈਆਂ ਗਈਆਂ। ਹਾਲਾਂਕਿ ਅੱਗ ਲੱਗਣ ਦੇ ਕਾਰਣਾਂ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਕੋਈ ਅਧਿਕਾਰੀ ਵੀ ਇਸ ਮਾਮਲੇ ‘ਚ ਕੁਝ ਕਹਿਣ ਨੂੰ ਤਿਆਰ ਨਹੀਂ ਹੈ।
ਸਾਰੀਆਂ ਗੱਡੀਆਂ ਆਈਆਂ ਅੱਗ ਦੀ ਚਪੇਟ
ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਲਗਭਗ ਨੌ ਵਜੇ ਦੇ ਕਰੀਬ ਵਾਪਰੀ। ਸੂਤਰਾਂ ਦੇ ਮੁਤਾਬਕ, ਉਸ ਸਮੇਂ ਸਾਰੀਆਂ ਗੱਡੀਆਂ ਚਾਰਜਿੰਗ ਸਟੇਸ਼ਨ ‘ਤੇ ਖੜੀਆਂ ਸਨ ਅਤੇ ਚਾਰਜ ਹੋ ਰਹੀਆਂ ਸਨ। ਇਸ ਦੌਰਾਨ ਅਚਾਨਕ ਗੱਡੀਆਂ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਕੁਝ ਹੀ ਪਲਾਂ ‘ਚ ਅੱਗ ਲੱਗ ਗਈ ਅਤੇ ਥੋੜ੍ਹੇ ਸਮੇਂ ‘ਚ ਅੱਗ ਦੀਆਂ ਲਪਟਾਂ ਨੇ ਉੱਥੇ ਖੜੀਆਂ ਸਾਰੀਆਂ ਗੱਡੀਆਂ ਨੂੰ ਆਪਣੀ ਚਪੇਟ ‘ਚ ਲੈ ਲਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾਬੱਸੀ ਅਤੇ ਜੀਰਕਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਤੁਰੰਤ ਮੌਕੇ ਵੱਲ ਰਵਾਨਾ ਹੋਈਆਂ। ਉਸ ਵੇਲੇ ਸੜਕਾਂ ‘ਤੇ ਟ੍ਰੈਫ਼ਿਕ ਘੱਟ ਹੋਣ ਕਾਰਨ ਦੋਵੇਂ ਗੱਡੀਆਂ ਜਲਦੀ ਹੀ ਚਿੜੀਆਘਰ ਪਹੁੰਚ ਗਈਆਂ। ਉਦੋਂ ਤੱਕ ਚਿੜੀਆਘਰ ਦਾ ਸਟਾਫ ਵੀ ਅੱਗ ਬੁਝਾਉਣ ‘ਚ ਲੱਗ ਗਿਆ ਸੀ। ਸਟਾਫ ਨੇ ਸਭ ਤੋਂ ਪਹਿਲਾਂ ਇਲੈਕਟ੍ਰਿਕ ਪੈਨਲ ਵੱਲ ਜਾਣ ਵਾਲੀਆਂ ਬਿਜਲੀ ਸਪਲਾਈ ਦੀਆਂ ਤਾਰਾਂ ਕੱਟੀਆਂ, ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ‘ਤੇ ਕਾਬੂ ਪਾਉਣ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਸਨ, ਕਿਉਂਕਿ ਇਲੈਕਟ੍ਰਿਕ ਗੱਡੀਆਂ ਹੋਣ ਕਾਰਨ ਉਨ੍ਹਾਂ ‘ਚੋਂ ਧਮਾਕੇ ਹੋ ਰਹੇ ਸਨ। ਇਸਦੇ ਬਾਵਜੂਦ ਵੀ ਟੀਮ ਨੇ ਹਿੰਮਤ ਅਤੇ ਸੂਝਬੂਝ ਨਾਲ ਕੰਮ ਲੈਂਦੇ ਹੋਏ ਲਗਭਗ ਅੱਧੇ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।
ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਲੱਗੀ। ਅੱਗ ਦੇ ਕਾਰਣਾਂ ਦੀ ਜਾਂਚ ਜਾਰੀ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ‘ਚ ਜੁੱਟੀਆਂ ਹੋਈਆਂ ਹਨ।






















