Mohali Grenade attack : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 9 ਮਈ ਨੂੰ ਮੁਹਾਲੀ   (Mohali)  ਸਥਿਤ ਪੰਜਾਬ ਇੰਟੈਲੀਜੈਂਸ ਦੇ ਹੈੱਡਕੁਆਰਟਰ (Intelligence Wing Headquarters) 'ਤੇ ਆਰਪੀਜੀ ਹਮਲੇ ਦੇ ਮੁੱਖ ਮੁਲਜ਼ਮ ਸਮੇਤ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰਪੀਜੀ ਹਮਲੇ ਦੇ ਸਬੰਧ ਵਿੱਚ ਮੁੱਖ ਮੁਲਜ਼ਮਨੂੰ ਗ੍ਰਿਫ਼ਤਾਰ ਕੀਤਾ ਹੈ। 


 

ਪੁਲਿਸ ਨੇ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਯੂਪੀ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਮੋਹਾਲੀ ‘ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਹੈ | ਸਪੈਸ਼ਲ ਸੈੱਲ ਨੇ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਸਬੰਧ ਹੋਣ ਦਾ ਵੀ ਖੁਲਾਸਾ ਕੀਤਾ ਹੈ। ਇਸ ਗ੍ਰਿਫਤਾਰੀ ਨਾਲ ਪਾਕਿਸਤਾਨ ਦੀ ISI ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ। 

 


 

ਇਸ ਤੋਂ ਇਲਾਵਾ ਦੂਜੇ ਅੱਤਵਾਦੀ ਨੂੰ ਹੋਰ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਦੂਜੇ ਮੁਲਜ਼ਮ ਨੂੰ 4 ਅਗਸਤ ਨੂੰ ਹਰਿਆਣਾ ਵਿੱਚ ਇੱਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਬਰਾਮਦਗੀ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੀ ਪਛਾਣ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਨੇੜੇ ਲਗਪਗ 1.3 ਕਿਲੋਗ੍ਰਾਮ ਆਰਡੀਐਕਸ ਨਾਲ ਭਰਿਆ ਇੱਕ ਆਈਈਡੀ ਬਰਾਮਦ ਕੀਤਾ ਸੀ।

 

ਦੱਸ ਦੇਈਏ ਕਿ ਪੰਜਾਬ ਦੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਯੂਨਿਟ ਦੇ ਮੁੱਖ ਦਫ਼ਤਰ 'ਤੇ 9 ਮਈ ਦੀ ਰਾਤ ਨੂੰ ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ, ਜਿਸ ਨੇ ਇਮਾਰਤ ਦੀ ਇੱਕ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਚੂਰ-ਚੂਰ ਕਰ ਦਿੱਤੇ ਸੀ। ਇਸ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਫਰੀਦਕੋਟ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਉਸ ਦੇ ਸਾਥੀ ਸੋਨੂੰ ਨੂੰ ਵੀ ਫਰੀਦਕੋਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸੋਨੂੰ ਲੌਜਿਸਟਿਕਸ ਸਪੋਰਟ ਵਿੱਚ ਵੀ ਸ਼ਾਮਲ ਸੀ ਅਤੇ ਨਿਸ਼ਾਨ ਸਿੰਘ ਦੇ ਨਾਲ ਸੀ।