ਰੌਬਟ ਦੀ ਰਿਪੋਰਟ
ਚੰਡੀਗੜ੍ਹ: ਮੁਹਾਲੀ ਵਿੱਚ ਬੀਤੇ ਸ਼ਨੀਵਾਰ ਸਵੇਰੇ ਤੜਕੇ 5 ਵਜੇ ਦੀ ਕਰੀਬ ਇੱਕ ਮਰਸਡੀਜ਼ ਕਾਰ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ। ਪੁਲਿਸ ਮੁਤਾਬਿਕ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਤੇ ਕਾਰ ਦੀ ਰਫ਼ਤਾਰ ਬੇਹੱਦ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਸੀ। ਹੁਣ ਇਸ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਪਹਿਲਾਂ ਵੀ ਇਸ ਕਾਰ ਦਾ ਦੋ ਵਾਰ ਓਵਰ ਸਪੀਡ ਲਈ ਚਲਾਨ ਕਰ ਚੁੱਕੀ ਹੈ।
ਇਹ ਦੋਨੋਂ ਚਲਾਨ ਹਾਲ ਹੀ ਵਿੱਚ ਹੋਏ ਸੀ। ਇੱਕ ਚਲਾਨ ਦਸੰਬਰ, 2020 ਵਿੱਚ ਹੋਇਆ ਸੀ, ਜਦਕਿ ਦੂਜਾ 13 ਮਾਰਚ 2021 ਨੂੰ ਹੀ ਹੋਇਆ ਸੀ। ਇਸ ਦੇ ਬਾਵਜੂਦ ਚਾਲਕ ਨੇ ਇਸ ਦੀ ਰਫ਼ਤਾਰ ਤੇ ਕਾਬੂ ਨਹੀਂ ਪਾਇਆ। ਜਾਣਕਾਰੀ ਮੁਤਾਬਿਕ ਪੁਲਿਸ ਨੇ ਮੁਲਜ਼ਮ ਸਮਰਾਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦੋ ਹੋਰ ਆਰੋਪ ਫਿਲਹਾਲ ਫਰਾਰ ਚੱਲ ਰਹੇ ਹਨ। ਪੁਲਿਸ ਉਨ੍ਹਾਂ ਦੀ ਤਲਾਸ਼ ਲਈ ਛਾਪੇਮਾਰੀ ਵੀ ਕਰ ਰਹੀ ਹੈ।
ਦੱਸ ਦੇਈਏ ਕਿ ਸ਼ਨੀਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਇੱਕ ਅਰਟੀਗਾ ਕਾਰ ਨੂੰ ਟੱਕਰ ਮਾਰੀ ਜੋ ਇੱਕ ਟੈਕਸੀ ਨੰਬਰ ਸੀ ਫਿਰ ਇਹ ਕਾਰ ਦੋ ਸਾਈਕਲ ਸਵਾਰਾਂ ਨੂੰ ਕੁਚਲਦੇ ਹੋਏ ਸੜਕ ਕਿਨਾਰੇ ਬਣੀ ਰੇਲਿੰਗ ਵਿੱਚ ਜਾ ਵੱਜੀ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਸੀ।
ਪੁਲਿਸ ਕਾਰ ਦੀ ਜਾਂਚ ਕਰ ਰਹੀ ਹੈ ਕਿ ਆਖਰ ਕਿਸ ਰੂਟ ਤੋਂ ਇਹ ਕਾਰ ਆਈ ਸੀ ਤੇ ਇਸ ਦੀ ਰਫ਼ਤਾਰ ਕੀ ਸੀ। ਪੁਲਿਸ ਇਸ ਦੇ ਲਈ ਸੀਸੀਟੀਵੀ ਵੀ ਖੰਗਾਲ ਰਹੀ ਹੈ। ਮੁਹਾਲੀ ਪੁਲਿਸ ਨੇ ਇਸ ਕਾਰ ਸਬੰਧੀ ਚੰਡੀਗੜ੍ਹ ਪੁਲਿਸ ਤੋਂ ਵੀ ਸਾਰੀ ਜਾਣਕਾਰੀ ਹਾਸਿਲ ਕਰ ਲਈ ਹੈ। ਫਿਲਹਾਲ ਗ੍ਰਿਫ਼ਤਾਰ ਮੁਲਜ਼ਮ ਪੁਲਿਸ ਰਿਮਾਂਡ ਤੇ ਹੈ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਮੁਲਜ਼ਮ ਦਾ ਦਾਅਵਾ ਹੈ ਕਿ ਉਸ ਨੇ ਸ਼ਰਾਬ ਨਹੀਂ ਪੀਤੀ ਸੀ। ਪੁਲਿਸ ਨੇ ਮੁਲਜ਼ਮ ਦੇ ਬਲਡ ਸੈਂਪਲ ਮੈਡੀਕਲ ਜਾਂਚ ਲਈ ਭੇਜੇ ਹੋਏ ਹਨ। ਹੁਣ ਇਸ ਦਾ ਖੁਲਾਸਾ ਰਿਪੋਰਟ ਆਉਣ ਤੇ ਹੋ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ