ਮੋਹਾਲੀ : ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਸਕੈਂਡਲ 'ਚ ਨਵੇਂ ਖੁਲਾਸੇ ਹੋ ਰਹੇ ਹਨ। SIT ਨੇ ਮੰਗਲਵਾਰ ਸ਼ਾਮ ਨੂੰ ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਸਕੈਂਡਲ ਦੇ ਦੋਸ਼ੀਆਂ ਤੋਂ ਵੀ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ ਇਸ ਦੌਰਾਨ ਆਰੋਪੀ ਵਿਦਿਆਰਥਣ ਨੇ ਕਿਹਾ ਹੈ ਕਿ ਸੰਨੀ ਦਾ ਦੋਸਤ ਰੰਕਜ ਵਰਮਾ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਉਹ ਉਸ ਨੂੰ ਧਮਕੀਆਂ ਦੇ ਰਿਹਾ ਸੀ ਕਿ ਹੋਸਟਲ ਦੀਆਂ ਕੁੜੀਆਂ ਦੀ ਵੀਡੀਓ ਭੇਜੇ ਨਹੀਂ ਤਾਂ ਉਹ ਉਸ ਦੀਆਂ ਵੀਡੀਓਜ਼ ਵਾਇਰਲ ਕਰ ਦੇਵੇਗਾ। ਹਾਲਾਂਕਿ, ਉਸਨੇ ਉਸ ਨੂੰ ਕਿੰਨੇ ਵੀਡੀਓ ਭੇਜੇ ਹਨ , ਇਸ ਬਾਰੇ ਉਸਨੇ ਕੁਝ ਨਹੀਂ ਕਿਹਾ।


ਪੁਲਿਸ ਇਸ ਬਿਆਨ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਹੁਣ ਤਿੰਨਾਂ ਮੁਲਜ਼ਮਾਂ ਦਾ ਮੋਬਾਈਲ ਡਾਟਾ ਲੈਣ ਮਿਲਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਜੋ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਜਾ ਸਕੇ। ਦੂਜੇ ਪਾਸੇ ਐਸਆਈਟੀ ਮੁਖੀ ਏਡੀਜੀਪੀ ਗੁਰਪ੍ਰੀਤ ਕੌਰ ਡੀਓ ਮੰਗਲਵਾਰ ਸ਼ਾਮ 7 ਵਜੇ ਖਰੜ ਸਦਰ ਥਾਣੇ ਵਿੱਚ ਪਹੁੰਚੀ ਅਤੇ ਮੁਲਜ਼ਮਾਂ ਤੋਂ ਮੁੜ ਪੁੱਛਗਿੱਛ ਕੀਤੀ। ਨਾਲ ਹੀ ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਥਾਣੇ ਦਾ ਗੇਟ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਇਹ ਟੀਮ ਦੇਰ ਰਾਤ ਨੌਂ ਵਜੇ ਤੋਂ ਬਾਅਦ ਇੱਥੋਂ ਨਿਕਲੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਟੀਮ ਮੁਲਜ਼ਮਾਂ ਨਾਲ ਸ਼ਿਮਲਾ ਵੀ ਜਾਵੇਗੀ ਤਾਂ ਜੋ ਪੈੱਨ ਡਰਾਈਵ ਅਤੇ ਹੋਰ ਸਾਮਾਨ ਬਰਾਮਦ ਕੀਤਾ ਜਾ ਸਕੇ।

ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਨਹੀਂ ਮਿਲ ਸਕੇ ਵਕੀਲ 


ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਸਕੈਂਡਲ ਦੇ ਮੁਲਜ਼ਮਾਂ ਨੂੰ ਮਿਲਣ ਲਈ ਮੰਗਲਵਾਰ ਨੂੰ ਉਨ੍ਹਾਂ ਦੇ ਵਕੀਲ ਖਰੜ ਸਦਰ ਥਾਣੇ ਪੁੱਜੇ ਪਰ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਥਾਣੇ ਦੇ ਅੰਦਰ ਨਹੀਂ ਜਾਣ ਦਿੱਤਾ। ਉਂਜ ਵਕੀਲਾਂ ਕੋਲ ਅਦਾਲਤ ਵੱਲੋਂ ਜਾਰੀ ਦਸਤਾਵੇਜ਼ ਵੀ ਸਨ ,ਜਿਨ੍ਹਾਂ ਦੇ ਆਧਾਰ ’ਤੇ ਉਹ ਮੁਲਜ਼ਮ ਨੂੰ ਮਿਲਣ ਆਏ ਸਨ। ਬਾਅਦ ਵਿੱਚ ਇਹ ਦਸਤਾਵੇਜ਼ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਭੇਜੇ ਗਏ, ਜਿਸ ’ਤੇ ਉਨ੍ਹਾਂ ਕੁਝ ਇਤਰਾਜ਼ ਜਤਾਉਂਦਿਆਂ ਵਕੀਲਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਹੁਣ ਮੁਲਜ਼ਮਾਂ ਦੇ ਵਕੀਲਾਂ ਨੇ ਡੀਐਸਪੀ ਖਰੜ ਨੂੰ ਮਿਲਣ ਲਈ ਸਮਾਂ ਮੰਗਿਆ ਹੈ ਪਰ ਐਸਆਈਟੀ ਟੀਮ ਦੀ ਲਗਾਤਾਰ ਜਾਂਚ ਕਾਰਨ ਉਨ੍ਹਾਂ ਨੂੰ ਉਡੀਕ ਕਰਨ ਲਈ ਕਿਹਾ ਗਿਆ ਹੈ।

ਭਰਾ ਦਾ ਦਾਅਵਾ- ਰੰਕਜ ਦੀ ਦੋਵਾਂ ਆਰੋਪੀਆਂ ਨਾਲ ਦੋਸਤੀ ਦੀ ਗੱਲ ਝੂਠੀ 


ਮੁਲਜ਼ਮ ਰੰਕਜ ਵਰਮਾ ਦੇ ਵੱਡਾ ਭਰਾ ਪੰਕਜ ਵਰਮਾ ਮੰਗਲਵਾਰ ਨੂੰ ਖਰੜ ਪਹੁੰਚੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰੰਕਜ ਅਤੇ ਮੁਲਜ਼ਮ ਸੰਨੀ ਮਹਿਤਾ ਵਿਚਾਲੇ ਕੋਈ ਦੋਸਤੀ ਨਹੀਂ ਹੈ। ਉਸ ਨੇ ਕਿਹਾ ਕਿ ਰੰਕਜ ਸੰਨੀ ਨੂੰ ਜਾਣਦਾ ਵੀ ਨਹੀਂ ਸੀ। ਕਿਹਾ ਕਿ ਪੁਲਸ ਇਹ ਵੀ ਕਹਿ ਰਹੀ ਹੈ ਕਿ ਦੋਸ਼ੀ ਵਿਦਿਆਰਥੀ ਦੀ ਰੰਕਜ ਨਾਲ ਦੋਸਤੀ ਵੀ ਸੀ, ਜਦਕਿ ਇਹ ਗੱਲ ਵੀ ਗਲਤ ਹੈ। ਪੰਕਜ ਨੇ ਦੱਸਿਆ ਕਿ ਰੰਕਜ ਨੇ ਇਹ ਗੱਲਾਂ ਸ਼ਿਮਲਾ 'ਚ ਵੀ ਪੁਲਿਸ ਨੂੰ ਦੱਸੀਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਫਿਲਹਾਲ ਇਹ ਮੰਨ ਵੀ ਲਈਏ ਕਿ ਰੰਕਜ ਅਤੇ ਸੰਨੀ ਇਕ ਦੂਜੇ ਨੂੰ ਜਾਣਦੇ ਹਨ ਤਾਂ ਇਸ ਕਾਰਨ ਵੀ ਉਨ੍ਹਾਂ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ।

ਪੰਕਜ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਕਿ ਸੰਨੀ ਅੱਗੇ ਰੰਕਜ ਨੂੰ ਫੋਟੋਆਂ ਅਤੇ ਵੀਡੀਓ ਭੇਜਦਾ ਸੀ ਤਾਂ ਉਸ ਨੰਬਰ ਨੂੰ ਸਾਹਮਣੇ ਲਿਆਂਦਾ ਜਾਵੇ। ਉਸ ਨੇ ਦੱਸਿਆ ਕਿ 18 ਸਤੰਬਰ ਨੂੰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਸ਼ਿਮਲਾ ਦੇ ਥਾਣਾ ਧਾਲੀ ਵਿਖੇ ਪੁੱਜੇ। ਰੰਕਜ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਮਾਮਲੇ ਵਿਚ ਉਸ ਦੀ ਡੀ.ਪੀ. ਦਾ ਇਸਤੇਮਾਲ ਹੋ ਰਿਹਾ ਹੈ। ਇਸ ਲਈ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਉਸ ਨੇ ਦੱਸਿਆ ਕਿ ਉਹ ਉਸ ਦਿਨ ਤਿੰਨ ਵਾਰ ਥਾਣੇ ਗਿਆ ਸੀ। ਇਸ ਤੋਂ ਬਾਅਦ ਹਿਮਾਚਲ ਪੁਲਿਸ ਨੇ ਪੰਜਾਬ ਪੁਲਿਸ ਨਾਲ ਗੱਲ ਕੀਤੀ। ਅਸੀਂ ਸਾਢੇ ਅੱਠ ਵਜੇ ਤੱਕ ਥਾਣੇ ਵਿਚ ਰਹੇ। ਪੰਕਜ ਨੇ ਕਿਹਾ ਕਿ ਪੰਜਾਬ ਪੁਲਸ ਰੰਕਜ ਨੂੰ ਉਥੋਂ ਲੈ ਕੇ ਆਈ ਹੈ ਪਰ ਅਜੇ ਤੱਕ ਇਸ ਮਾਮਲੇ 'ਚ ਉਸ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ, ਜਦਕਿ ਡੀ.ਪੀ. ਦਾ ਇਸਤੇਮਾਲ ਕਰਕੇ ਉਸਨੂੰ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਹੈ।