Mohali News : ਆਜ਼ਾਦੀ ਦਿਹਾੜੇ ਮੌਕੇ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਮੋਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਸਬੰਧਤ 5 ਦੋਸ਼ੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਹ ਮੁਹਾਲੀ ਦੇ ਇੱਕ ਸੁਨਿਆਰੇ ਅਤੇ ਲੁਧਿਆਣਾ ਵਿੱਚ ਇੱਕ ਵਪਾਰੀ ਨਾਲ ਠੱਗੀ ਮਾਰ ਰਹੇ ਸਨ। ਜਿਸ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਨਰਿੰਦਰ ਸਿੰਘ ਉਰਫ਼ ਨਿੰਦੀ, ਕੁਲਵੰਤ ਸਿੰਘ ਉਰਫ਼ ਗੁੱਡੂ, ਅਮਰਿੰਦਰ ਸਿੰਘ ਉਰਫ਼ ਕੈਪਟਨ, ਲਵੀਸ਼ ਕੁਮਾਰ ਉਰਫ਼ ਲਵੀ ਅਤੇ ਪਰਮ ਪ੍ਰਤਾਪ ਸਿੰਘ ਵਜੋਂ ਹੋਈ ਹੈ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਅਤੇ ਅੱਠ ਕਾਰਤੂਸ ਬਰਾਮਦ ਹੋਏ ਹਨ। ਕਾਬੂ ਕੀਤੇ ਮੁਲਜ਼ਮ ਨਰਿੰਦਰ ਸਿੰਘ ਉਰਫ਼ ਨਿੰਦੀ ਖ਼ਿਲਾਫ਼ 8 ਤੋਂ 10 ਕੇਸ ਦਰਜ ਹਨ।
ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 28.07.2023 ਨੂੰ ਗੁਪਤ ਇਤਲਾਹ ਮਿਲੀ ਸੀ ਕਿ ਨਰਿੰਦਰ ਸਿੰਘ ਉਰਫ ਨਿੰਦੀ ਨੇ ਨਜਾਇਜ ਪਿਸਤੌਲ ਰੱਖਿਆ ਹੋਇਆ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ। ਜਿਸ 'ਤੇ ਤੁਰੰਤ ਮੁਕੱਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਥਾ: ਅਭੀਸ਼ੇਕ ਸ਼ਰਮਾ ਵੱਲੋ ਅਮਲ ਵਿੱਚ ਲਿਆਦੀ ਗਈ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਨੂੰ ਸਮੇਤ ਪਿਸਤੌਲ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਇਹ ਪਿਸਤੌਲ ਯੂ.ਪੀ. ਦੇ ਮੁਸੇਰ ਸ਼ਹਿਰ ਤੋ 10,000/- ਰੁਪਏ ਵਿੱਚ ਖਰੀਦਿਆ ਸੀ।
ਮੁਕੱਦਮਾ ਵਿੱਚ ਅਗਲੇਰੀ ਤਫਤੀਸ਼ ਇੰਸ: ਰਜਨੀਸ਼ ਚੋਧਰੀ, ਮੁੱਖ ਅਫਸਰ, ਥਾਂਣਾ ਫੇਸ 01, ਮੋਹਾਲੀ ਵੱਲੋ ਅਮਲ ਵਿੱਚ ਲਿਆਂਦੇ ਹੋਏ ਨਰਿੰਦਰ ਸਿੰਘ ਉਰਫ ਨਿੰਦੀ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਗਈ, ਜਿਸ ਤੋ ਉਸ ਨੇ ਮੰਨਿਆ ਕਿ ਉਸਨੇ ਇੱਕ ਹੋਰ ਪਿਸਤੌਲ ਉਸਦੇ ਪਿੰਡ ਦੇ ਹੀ ਕੁਲਵੰਤ ਸਿੰਘ ਤੋਂ ਲਿਆ ਸੀ। ਜਿਸਦੇ ਅਧਾਰ ਪਰ ਕੁਲਵੰਤ ਸਿੰਘ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਪਾਸੋਂ ਉਸ ਦੀ ਨਿਸ਼ਾਨ ਦੇਹੀ ਤੇ ਇੱਕ ਹੋਰ ਦੇਸੀ ਪਿਸਟਲ ਸਮੇਤ 6 ਜਿੰਦਾ ਕਾਰਤੂਸ ਬ੍ਰਾਮਦ ਕਰਵਾਏ ਗਏ।
ਪੁੱਛਗਿੱਛ ਦੌਰਾਨ ਦੋਸ਼ੀ ਅਮਰਿੰਦਰ ਸਿੰਘ ਉਰਫ ਕੈਪਟਨ ਨੇ ਮੰਨਿਆ ਕਿ ਉਹ ਇੰਦੋਰ ਤੋਂ ਸਾਲ 2021 ਵਿੱਚ 02 ਪਿਸਤੌਲ ਅਤੇ 9 ਕਾਰਤੂਸ, ਜੋ 55,000/55,000 ਰੁਪਏ ਵਿੱਚ ਖ੍ਰੀਦ ਕਰਕੇ ਲਿਆਇਆ ਸੀ। ਜਿਨ੍ਹਾ ਵਿੱਚੋ ਉਸ ਨੇ ਇੱਕ ਪਿਸਤੌਲ ਅਤੇ 2 ਕਾਰਤੂਸ ਕੁਲਵੰਤ ਸਿੰਘ ਉਕਤ ਅਤੇ ਇੱਕ ਪਿਸਤੌਲ ਸਮੇਤ 7 ਕਾਰਤੂਸ ਯਾਦਵਿੰਦਰ ਸਿੰਘ ਵਾਸੀ ਕਰਨਾਲ ਨੂੰ ਦਿੱਤਾ ਸੀ। ਜਿਸ ਦੀ ਪੁੱਛਗਿੱਛ ਦੇ ਅਧਾਰ ਤੇ ਯਾਦਵਿੰਦਰ ਸਿੰਘ ਨੂੰ ਮੁਕੱਦਮਾ ਹਜਾ ਵਿੱਚ ਵਿੱਚ ਨਾਮਜਦ ਕੀਤਾ ਗਿਆ। ਜਿਸਦੀ ਗ੍ਰਿਫਤਾਰੀ ਅਜੇ ਬਾਕੀ ਹੈ।