Punjab News: ਮੁਹਾਲੀ ਪੁਲਿਸ ਨੇ ਵਿਦੇਸ਼ੀ ਗੈਂਗਸਟਰਾਂ ਗੋਲਡੀ ਢਿੱਲੋਂ ਅਤੇ ਮਨਦੀਪ ਸਪੇਨ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਗੈਂਗ ਮਾਡਿਊਲ ਦੀ ਪਿਛਲੀ ਲੀਕ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ।

Continues below advertisement

ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੀ ਪਛਾਣ ਰਜਤ ਕੁਮਾਰ ਉਰਫ਼ ਰਾਜਨ ਵਜੋਂ ਹੋਈ ਹੈ, ਜੋ ਕਿ ਪਿੰਡ ਜੰਨਸੂਆ, ਥਾਣਾ ਸਦਰ ਰਾਜਪੁਰਾ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ। ਪੁਲਿਸ ਦੇ ਅਨੁਸਾਰ, ਸ਼ੱਕੀ ਨੇ ਗੈਂਗ ਮੈਂਬਰਾਂ ਨੂੰ ਹਥਿਆਰ, ਰਿਹਾਇਸ਼ ਅਤੇ ਆਵਾਜਾਈ ਵਿੱਚ ਮਦਦ ਕੀਤੀ ਸੀ।

Continues below advertisement

ਜਾਣਕਾਰੀ ਦਿੰਦਿਆਂ ਹੋਇਆਂ ASP ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ 12 ਨਵੰਬਰ ਦੀ ਕਾਰਵਾਈ ਤੋਂ ਬਾਅਦ ਸੰਭਵ ਹੋਈ ਹੈ, ਜਿਸ 'ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਸ ਨੇ ਏ. ਜੀ. ਟੀ. ਐੱਫ਼ ਨਾਲ ਸਾਂਝੇ ਆਪਰੇਸ਼ਨ ਦੌਰਾਨ ਦੋ ਸ਼ੂਟਰਾਂ ਨੂੰ ਕਾਬੂ ਕੀਤਾ ਸੀ। 26 ਨਵੰਬਰ ਨੂੰ ਹੋਈ ਕਾਰਵਾਈ ਦੌਰਾਨ ਡੇਰਾਬੱਸੀ–ਅੰਬਾਲਾ ਹਾਈਵੇ ਨੇੜੇ ਮੁਕਾਬਲੇ ਤੋਂ ਬਾਅਦ ਚਾਰ ਸ਼ੂਟਰਾਂ ਨੂੰ ਮੋਹਾਲੀ ਪੁਲਸ ਅਤੇ ਏ. ਜੀ. ਟੀ. ਐੱਫ਼. ਨੇ ਕਾਬੂ ਕੀਤਾ ਸੀ।

ਇਸ ਮੁਕਾਬਲੇ ਦੌਰਾਨ ਦੋ ਪੁਲਸ ਅਧਿਕਾਰੀਆਂ ਦੀਆਂ ਬੁਲੇਟ-ਪਰੂਫ ਜੈਕਟਾਂ 'ਤੇ ਗੋਲੀਆਂ ਲੱਗੀਆਂ, ਜਦੋਂ ਕਿ ਦੋ ਦੋਸ਼ੀ ਪੁਲਸ ਦੀ ਜਵਾਬੀ ਫਾਇਰਿੰਗ 'ਚ ਜ਼ਖ਼ਮੀ ਹੋਏ। ਕਾਰਵਾਈ ਦੌਰਾਨ 7 ਪਿਸਤੌਲਾਂ ਅਤੇ 70 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਹੁਣ ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਰਜਤ ਕੁਮਾਰ ਉਰਫ਼ ਰਾਜਨ, ਨਿਵਾਸੀ ਪਿੰਡ ਜੰਨਸੂਆ, ਪੁਲਸ ਥਾਣਾ ਸਦਰ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।

ਆਪਰੇਸ਼ਨ ਦੇ ਵੇਰਵਿਆਂ ਬਾਰੇ ਦੱਸਦਿਆਂ ਐੱਸ. ਐੱਸ. ਪੀ. ਨੇ ਕਿਹਾ ਕਿ ਦੋ ਵੱਖ-ਵੱਖ ਕਾਰਵਾਈਆਂ ਵਿੱਚ 6 ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਡਿਊਲ ਦੇ ਬਾਕੀ ਮੈਂਬਰਾਂ ਦੀ ਪਛਾਣ ਕਰਨ ਲਈ ਐੱਸ. ਪੀ. (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀ. ਐੱਸ. ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਇੱਕ ਖ਼ਾਸ ਟੀਮ ਵੱਲੋਂ ਵਿਸਥਾਰ ਪੂਰਵਕ ਬੈਕਵਰਡ-ਲਿੰਕੇਜਜ਼ ਜਾਂਚ ਕੀਤੀ ਗਈ।

ਜਾਂਚ ਦੌਰਾਨ ਰਜਤ ਕੁਮਾਰ ਦਾ ਨਾਮ ਸਾਹਮਣੇ ਆਇਆ, ਜਿਸ ਨੇ ਦੂਜੇ ਸਹਾਇਕਾਂ ਦੀ ਮੂਵਮੇਂਟ ਸੌਖੀ ਬਣਾਉਣ, ਰਿਹਾਇਸ਼ ਦੀ ਵਿਵਸਥਾ ਕਰਨ ਅਤੇ ਹਥਿਆਰ ਉਪਲੱਬਧ ਕਰਵਾਉਣ 'ਚ ਭੂਮਿਕਾ ਨਿਭਾਈ ਸੀ। ਮਿਲੀ ਜਾਣਕਾਰੀ ਦੇ ਆਧਾਰ 'ਤੇ ਐੱਸ. ਐੱਚ. ਓ. ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਹੇਠ ਏ. ਜੀ. ਟੀ. ਐੱਫ. ਅਤੇ ਮੋਹਾਲੀ ਨਗਰ ਪੁਲਸ ਦੀਆਂ ਸਾਂਝੀਆਂ ਟੀਮਾਂ ਨੇ ਬੀਤੀ ਦੁਪਹਿਰ ਡੇਰਾਬੱਸੀ ਬੱਸ ਅੱਡੇ ਨੇੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।

ਐੱਸਐੱਸਪੀ ਨੇ ਦੱਸਿਆ ਕਿ ਦੋਸ਼ੀ ਦਾ ਅਪਰਾਧਕ ਪਿਛੋਕੜ ਹੈ ਅਤੇ ਉਸ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ 'ਚ ਸਨੈਚਿੰਗ ਅਤੇ ਆਰਮਜ਼ ਐਕਟ ਨਾਲ ਸਬੰਧਿਤ ਦੋ ਮਾਮਲੇ ਦਰਜ ਹਨ। ਮੁੱਢਲੀ ਜਾਂਚ ਦੇ ਤੌਰ 'ਤੇ ਸਾਹਮਣੇ ਆਇਆ ਹੈ ਕਿ 2019 'ਚ ਜੇਲ੍ਹ ਦੌਰਾਨ ਉਹ ਗੈਂਗ ਮੈਂਬਰਾਂ ਨਾਲ ਸੰਪਰਕ 'ਚ ਆਇਆ ਅਤੇ ਹਾਲ ਹੀ 'ਚ ਗੈਂਗਸਟਰ ਗੋਲਡੀ ਢਿੱਲੋਂ ਦੇ ਨਜ਼ਦੀਕੀ ਮਨਦੀਪ (ਸਪੇਨ) ਦੇ ਸਿੱਧੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ।

ਐੱਸ.  ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਐੱਫ. ਆਈ. ਆਰ. ਨੰਬਰ 0345 ਮਿਤੀ 26.11.2025 ਤਹਿਤ, ਬੀ. ਐਨ. ਐਸ. ਦੀਆਂ ਧਾਰਾਵਾਂ 109, 111, 221, 132, 3(5)  ਅਤੇ ਧਾਰਾ 25 ਆਰਮਜ਼ ਐਕਟ ਅਧੀਨ, ਥਾਣਾ ਡੇਰਾਬੱਸੀ ਵਿੱਚ ਦਰਜ ਮਾਮਲੇ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਗ੍ਰਿਫ਼ਤਾਰੀ ਨਾਲ ਗੋਲਡੀ ਢਿੱਲੋਂ ਮਾਡਿਊਲ ਨਾਲ ਜੁੜੇ ਕੁੱਲ 7 ਸਹਿਯੋਗ ਦੋਸ਼ੀ ਹੁਣ ਤੱਕ ਕਾਬੂ ਕੀਤੇ ਜਾ ਚੁੱਕੇ ਹਨ। ਹੁਣ ਤੱਕ ਕੁੱਲ 9 ਪਿਸਤੌਲਾਂ ਅਤੇ 80 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਐੱਸ. ਐੱਸ. ਪੀ. ਨੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ ਅਤੇ ਇਸ ਗ੍ਰਿਫ਼ਤਾਰੀ ਨਾਲ ਗੈਂਗਸਟਰਾਂ ਨੂੰ ਮਿਲ ਰਹੇ ਵੱਡੇ ਲਾਜਿਸਟਿਕ ਅਤੇ ਵਿੱਤੀ ਸਹਿਯੋਗ ਨੂੰ ਖ਼ਤਮ ਕਰਨ 'ਚ ਮਹੱਤਵਪੂਰਨ ਮਦਦ ਮਿਲੇਗੀ।