ਮੋਹਾਲੀ : ਪੰਜਾਬ ਦੇ ਮੋਹਾਲੀ ਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ ਮੁਹਾਲੀ ਫੇਜ਼ 2 ਵਿੱਚ ਸਥਿਤ ਫਰੰਟੀਅਰਜ਼ ਰੂਟਸ ਅਕੈਡਮੀ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਫਰਮ ਦਾ ਲਾਇਸੈਂਸ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਇਸ ਫਰਮ ਦਾ ਦਫਤਰ ਫੇਜ਼ 2 ਦੇ SCO ਨੰਬਰ 79 ਦੀ ਤੀਜੀ ਮੰਜ਼ਿਲ 'ਤੇ ਸਥਿਤ ਹੈ। ਇਸ ਫਰਮ ਨੂੰ ਕੰਸਲਟੈਂਸੀ, ਟਰੈਵਲ ਏਜੰਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲੈਟਸ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ। ਲਾਇਸੰਸ 23 ਜੁਲਾਈ, 2024 ਤੱਕ ਵੈਧ ਹੈ।
ਅਮਨਿੰਦਰ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਇਸ ਫਰਮ ਖ਼ਿਲਾਫ਼ ਸ਼ਿਕਾਇਤ ਮਿਲੀ ਸੀ। ਇਸ ਸਬੰਧੀ ਫਰਮ ਨੂੰ ਆਪਣੇ ਗ੍ਰਾਹਕਾਂ, ਉਨ੍ਹਾਂ ਤੋਂ ਲਈ ਗਈ ਰਕਮ ਅਤੇ ਨਿਰਧਾਰਿਤ ਕਾਰਗੁਜ਼ਾਰੀ ਤਹਿਤ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ।
ਕੰਪਨੀ ਵੱਲੋਂ ਦਿੱਤੀ ਗਈ ਕਲਾਇੰਟ ਰਿਪੋਰਟ ਦੇ ਆਧਾਰ 'ਤੇ ਇਹ ਗੱਲ ਸਾਹਮਣੇ ਆਈ ਕਿ ਇਸ ਮਾਮਲੇ 'ਚ ਸ਼ਿਕਾਇਤਕਰਤਾ ਸਬੰਧੀ ਕੋਈ ਵੀ ਜਾਣਕਾਰੀ , ਲਈ ਗਈ ਰਕਮ , ਕੰਪਨੀ 'ਚ ਸ਼ਿਕਾਇਤਕਰਤਾ ਕਿਸ ਕੰਮ ਲਈ ਆਇਆ, ਆਦਿ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੋਸ਼ ਹੈ ਕਿ ਏਜੰਸੀ ਨੇ ਪੈਸੇ ਲੈ ਕੇ ਵੀ ਗਾਹਕ ਨੂੰ ਵਿਦੇਸ਼ ਨਹੀਂ ਭੇਜਿਆ।
ਅਜਿਹੇ 'ਚ ਕੰਪਨੀ ਦੇ ਡਾਇਰੈਕਟਰਾਂ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਸਮਾਂ ਦਿੱਤਾ ਗਿਆ ਸੀ। ਤਹਿਸੀਲਦਾਰ ਖਰੜ ਨੇ ਨੋਟਿਸ ਨਾਲ ਸਬੰਧਤ ਰਿਪੋਰਟ ਭੇਜ ਕੇ ਦੱਸਿਆ ਕਿ ਹਰਪ੍ਰੀਤ ਨਿੱਝਰ ਨੂੰ ਕਲਾਈਮੇਟ ਟਾਵਰ ਵਿੱਚ ਪਾਇਆ ਗਿਆ ਹੈ ,ਜੋ ਇੱਥੇ ਨਹੀਂ ਰਹਿੰਦਾ। ਅਜਿਹੀ ਸਥਿਤੀ ਵਿੱਚ ਇਹ ਕਾਰਵਾਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀ ਧਾਰਾ 6(1)(ਈ) ਤਹਿਤ ਕੀਤੀ ਗਈ ਹੈ।