Weather Update: ਝੋਨਾ ਲਾ ਰਹੇ ਕਿਸਾਨਾਂ ਲਈ ਖੁਸ਼ਖਬਰੀ ਹੈ। ਅਗਲੇ 3 ਦਿਨਾਂ ਵਿੱਚ ਪੰਜਾਬ ਵਿੱਚ ਮਾਨਸੂਨ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਮੌਨਸੂਨ ਮੱਧ ਰਾਜਸਥਾਨ ਪਹੁੰਚ ਗਿਆ ਹੈ ਤੇ ਹਿਮਾਚਲ ਪ੍ਰਦੇਸ਼ ਵੱਲ ਵੀ ਤੇਜ਼ੀ ਨਾਲ ਵਧ ਰਿਹਾ ਹੈ। ਅੰਦਾਜਾ ਹੈ ਕਿ 23 ਜੂਨ ਨੂੰ ਮਾਨਸੂਨ ਦੀ ਪੰਜਾਬ ਵਿੱਚ ਐਂਟਰੀ ਹੋਏਗੀ। ਇਸ ਨਾਲ ਝੋਨਾ ਦੇ ਸੀਜ਼ਨ ਨੂੰ ਵੱਡਾ ਸਹਾਰਾ ਮਿਲੇਗਾ।
ਇਸ ਨੂੰ ਲੈ ਕੇ ਭਾਰਤੀ ਮੌਸਮ ਵਿਭਾਗ ਨੇ 23 ਜੂਨ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਲਈ ਮੌਸਮ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤਹਿਤ ਲੁਧਿਆਣਾ, ਪਟਿਆਲਾ, ਜਲੰਧਰ, ਨਵਾਂਸ਼ਹਿਰ, ਅੰਮ੍ਰਿਤਸਰ, ਸੰਗਰੂਰ, ਰੂਪਨਗਰ, ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿੱਚ 21 ਤੋਂ 22 ਜੂਨ ਤੱਕ ਤੇਜ਼ ਹਵਾਵਾਂ, ਬਿਜਲੀ ਡਿੱਗਣ ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 23 ਜੂਨ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਨਸੂਨ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਮੌਨਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ 1 ਜੂਨ ਤੋਂ 19 ਜੂਨ, 2025 ਤੱਕ ਪੰਜਾਬ ਵਿੱਚ ਔਸਤਨ 26.65 ਮਿਲੀਮੀਟਰ ਮੀਂਹ ਪਿਆ ਹੈ। ਜਦੋਂਕਿ ਇਸ ਸਮੇਂ ਦੌਰਾਨ ਆਮ ਮੀਂਹ 45 ਤੋਂ 50 ਮਿਲੀਮੀਟਰ ਮੰਨਿਆ ਜਾਂਦਾ ਹੈ। ਯਾਨੀ ਇਸ ਵਾਰ 40% ਮੀਂਹ ਘੱਟ ਦਰਜ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਅੰਮ੍ਰਿਤਸਰ ਵਿੱਚ ਸਿਰਫ਼ 0.4 ਮਿਲੀਮੀਟਰ ਮੀਂਹ ਪਿਆ ਹੈ ਜੋ 96% ਘੱਟ ਹੈ। ਤਰਨ ਤਾਰਨ ਵਿੱਚ ਸਿਰਫ਼ 1 ਮਿਲੀਮੀਟਰ ਪਿਆ ਹੈ ਜੋ 99% ਘੱਟ ਹੈ। ਪਠਾਨਕੋਟ ਵਿੱਚ 9.5 ਮਿਲੀਮੀਟਰ ਪਿਆ ਹੈ ਜੋ 21% ਘੱਟ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਮੁਕਤਸਰ, ਮਾਨਸਾ ਵਰਗੇ ਕਈ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ, ਜਿਸ ਕਾਰਨ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਹੈ।
ਪਿਛਲੇ 24 ਘੰਟਿਆਂ ਵਿੱਚ ਪੰਜਾਬ ਅੰਦਰ ਔਸਤ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ। ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਆਸ-ਪਾਸ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ ਤੇ ਜਲੰਧਰ ਵਿੱਚ ਵੀ ਤਾਪਮਾਨ 36 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ ਹੈ। ਅੱਜ ਵੀ ਤਾਪਮਾਨ ਵਿੱਚ ਥੋੜ੍ਹਾ ਵਾਧਾ ਦੇਖਿਆ ਜਾ ਰਿਹਾ ਹੈ ਪਰ ਅਗਲੇ 24 ਘੰਟਿਆਂ ਬਾਅਦ ਤਾਪਮਾਨ ਵਿੱਚ ਫਿਰ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ।