Arrival of Monsoon: ਦਿੱਲੀ ਤੇ ਮੁੰਬਈ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਮੌਨਸੂਨ ਮਿੱਥੇ ਸਮੇਂ ਨਾਲੋਂ ਦੋ ਦਿਨ ਪਹਿਲਾਂ ਜਦੋਂਕਿ ਦੇਸ਼ ਦੀ ਵਿੱਤੀ ਰਾਜਧਾਨੀ ਵਿੱਚ ਦੋ ਹਫਤਿਆਂ ਦੀ ਦੇਰੀ ਨਾਲ ਪਹੁੰਚਿਆ ਹੈ। ਇਸ ਦੇ ਨਾਲ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਧਰ, ਮੌਸਮ ਵਿਭਾਗ ਨੇ ਪੰਜਾਬ ਵਿੱਚ 25 ਤੇ 26 ਜੂਨ ਨੂੰ ਤੇਜ਼ ਮੀਂਹ ਤੇ ਹਨੇਰੀ ਚੱਲਣ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਹੈ ਜਦਕਿ 27 ਤੇ 28 ਜੂਨ ਨੂੰ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। 



ਮੌਸਮ ਵਿਭਾਗ ਦੇ ਅਧਿਕਾਰੀ ਮੁਤਾਬਕ ਮੌਨਸੂਨ ਦੀ ਸ਼ੁਰੂਆਤ ਮੱਠੀ ਰਹੀ, ਪਰ ਹੁਣ ਇਸ ਵਿੱਚ ਤੇਜ਼ੀ ਆ ਰਹੀ ਹੈ ਤੇ ਇਹ ਮਹਾਰਾਸ਼ਟਰ, ਸਮੁੱਚੇ ਕਰਨਾਟਕ, ਕੇਰਲ, ਤਾਮਿਲਨਾਡੂ, ਛੱਤੀਸਗੜ੍ਹ, ਉੜੀਸਾ, ਪੂਰਬੀ ਭਾਰਤ, ਪੱਛਮੀ ਬੰਗਾਲ, ਝਾਰਖੰਡ, ਬਿਹਾਰ,  ਪੂਰਬੀ ਯੂਪੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਬਹੁਤੇ ਹਿੱਸਿਆਂ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਪਹੁੰਚ ਗਿਆ ਹੈ। 



ਦੱਸ ਦਈਏ ਕਿ ਆਮ ਤੌਰ ’ਤੇ ਕੇਰਲ ਵਿਚ ਮੌਨਸੂਨ 1 ਜੂਨ ਤੱਕ, ਮੁੰਬਈ ਵਿੱਚ 11 ਜੂਨ ਤੇ ਕੌਮੀ ਰਾਜਧਾਨੀ ਵਿੱਚ 27 ਜੂਨ ਤੱਕ ਪਹੁੰਚ ਜਾਂਦਾ ਹੈ। ਮੌਨਸੂਨ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ, ਜਿਸ ਵਿੱਚ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ਦੇ ਵੱਡੇ ਹਿੱਸੇ ਸ਼ਾਮਲ ਹਨ, ਤੈਅ ਸਮੇਂ ਤੋਂ ਜਾਂ ਇਸ ਤੋਂ ਥੋੜ੍ਹਾ ਪਹਿਲਾਂ ਪਹੁੰਚ ਗਿਆ ਹੈ, ਪਰ ਮੱਧ ਭਾਰਤ ਵਿੱਚ ਇਹ ਅਜੇ ਵੀ ਤੈਅ ਸਮੇਂ ਨਾਲੋਂ 10-12 ਦਿਨ ਪਿੱਛੇ ਹੈ, ਜਿੱਥੇ ਜ਼ਿਆਦਾਤਰ ਕਿਸਾਨ ਖੇਤੀ ਲਈ ਮੀਂਹ ’ਤੇ ਟੇਕ ਰੱਖਦੇ ਹਨ।



ਪੰਜਾਬ ਵਿੱਚ ਯੈਲੋ ਅਲਰਟ



ਮੌਸਮ ਵਿਭਾਗ ਨੇ ਪੰਜਾਬ ਵਿੱਚ 25 ਤੇ 26 ਜੂਨ ਨੂੰ ਤੇਜ਼ ਮੀਂਹ ਤੇ ਹਨੇਰੀ ਚੱਲਣ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਹੈ ਜਦਕਿ 27 ਤੇ 28 ਜੂਨ ਨੂੰ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਮੌਨਸੂਨ ਸੂਬੇ ’ਚ ਦਸਤਕ ਦੇ ਸਕਦਾ ਹੈ। 


ਚੰਡੀਗੜ੍ਹ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਸ਼ਨੀਵਾਰ ਨੂੰ ਹੀ ਪੂਰਬੀ ਉੱਤਰ ਪ੍ਰਦੇਸ਼ ’ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਜੋ ਲਗਾਤਾਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸੇ ਕਰਕੇ ਪੰਜਾਬ ਤੇ ਗੁਆਂਢੀ ਸੂਬਿਆਂ ਵਿੱਚ ਅਗਲੇ 48 ਘੰਟਿਆਂ ਵਿੱਚ ਮੌਨਸੂਨ ਦਸਤਕ ਦੇ ਸਕਦਾ ਹੈ। ਇਸ ਨਾਲ ਪੰਜਾਬ ਦੇ ਨਾਲ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਦਿੱਲੀ ਵਿੱਚ ਵੀ ਮੌਨਸੂਨ ਦਸਤਕ ਦੇਵੇਗਾ।