ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਕਾਂਗਰਸ ਨੂੰ ਝਟਕਾ ਦਿੱਤਾ ਹੈ। ਮੂਸੇਵਾਲਾ ਦੇ ਪਰਿਵਾਰ ਨੇ ਸਿਆਸਤ ਲਈ ਸਿੱਧੂ ਮੂਸੇਵਾਲਾ ਦੇ ਨਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਦੋ ਦਿਨ ਪਹਿਲਾਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕਾਂਗਰਸ ਨੇ ਚੋਣ ਗੀਤ ਲਾਂਚ ਕੀਤਾ ਸੀ। ਇਸ ਵਿੱਚ ਗਾਇਕ ਮੂਸੇਵਾਲਾ ਦੀ ਮ੍ਰਿਤਕ ਦੇਹ ਤੇ ਸਮਾਧ ਦੀ ਤਸਵੀਰ ਦਿਖਾਈ ਗਈ ਸੀ। ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।



ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਹੋਰ ਵਿਅਕਤੀ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਾਂ ਆਪਣੀ ਸਿਆਸਤ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਨਹੀਂ ਵਰਤਣਾ ਚਾਹੀਦਾ। ਇਸ ਸਬੰਧੀ ਪਰਿਵਾਰ ਨੇ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਅਪੀਲ ਜਾਰੀ ਕੀਤੀ ਹੈ।

ਇਹ ਕਾਂਗਰਸ ਲਈ ਵੱਡਾ ਝਟਕਾ ਹੈ। ਪੰਜਾਬ ਕਾਂਗਰਸ ਤੇ ਖਾਸ ਕਰਕੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੂਸੇਵਾਲਾ ਦੇ ਬਹਾਨੇ ਆਮ ਆਦਮੀ ਪਾਰਟੀ ਤੇ 'ਆਪ' ਸਰਕਾਰ ਨੂੰ ਘੇਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਕਮਜ਼ੋਰ ਸਥਿਤੀ ਅਤੇ ਸੁਰੱਖਿਆ ਵਾਪਸ ਲੈਣ ਕਾਰਨ ਮੂਸੇਵਾਲਾ ਦਾ ਕਤਲ ਹੋਇਆ। ਨੌਜਵਾਨ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੋਂ ਨਾਰਾਜ਼ ਹੈ। ਇਸ ਦਾ ਫਾਇਦਾ ਕਾਂਗਰਸ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।


 


ਦੱਸ ਦਈਏ ਕਿ ਕਾਂਗਰਸ ਮੂਸੇਵਾਲਾ ਦੇ ਬਹਾਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਆਪ ਨੂੰ ਘੇਰ ਰਹੀ ਹੈ। ਮੂਸੇਵਾਲਾ ਕੋਲ 4 ਗੰਨਮੈਨ ਸੀ ਜਿਸ 'ਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ 2 ਗੰਨਮੈਨ ਵਾਪਸ ਲੈ ਲਏ ਸੀ। ਮੂਸੇਵਾਲਾ ਨੂੰ ਅਗਲੇ ਦਿਨ ਹੀ ਮਾਰ ਦਿੱਤਾ ਗਿਆ ਸੀ। ਹਾਲਾਂਕਿ ਉਸ ਸਮੇਂ 2 ਗੰਨਮੈਨ ਵੀ ਉਸ ਦੇ ਨਾਲ ਨਹੀਂ ਸਨ। ਸਿੱਧੂ ਮੂਸੇਵਾਲਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ ਮਾਨਸਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਸਨ। ਹਾਲਾਂਕਿ, ਉਹ ਆਮ ਆਦਮੀ ਪਾਰਟੀ (ਆਪ) ਦੇ ਡਾਕਟਰ ਵਿਜੇ ਸਿੰਗਲਾ ਤੋਂ ਚੋਣ ਹਾਰ ਗਏ ਸਨ।


ਸਿੱਧੂ ਮੂਸੇਵਾਲਾ ਨੂੰ ਸੁਰੱਖਿਆ ਖ਼ਤਰਾ ਸੀ। ਇਸ ਲਈ ਉਹ ਸਰਕਾਰ ਤੋਂ ਸਥਾਈ ਸੁਰੱਖਿਆ ਚਾਹੁੰਦਾ ਸੀ। ਉਂਝ ਸਰਕਾਰ ਜਾਂ ਪੁਲਿਸ ਅਧਿਕਾਰੀ ਬਦਲਣ ’ਤੇ ਉਨ੍ਹਾਂ ਦੀ ਸੁਰੱਖਿਆ ਬਦਲ ਦਿੱਤੀ ਜਾਂਦੀ ਸੀ। ਮੂਸੇਵਾਲਾ ਚਾਹੁੰਦੇ ਸਨ ਕਿ ਜੇਕਰ ਉਹ ਵਿਧਾਇਕ ਬਣਦੇ ਹਨ ਤਾਂ ਪੱਕੀ ਸੁਰੱਖਿਆ ਹੋਵੇਗੀ। ਹਾਲਾਂਕਿ ਨਾ ਤਾਂ ਉਹ ਵਿਧਾਇਕ ਬਣ ਸਕੇ ਤੇ ਨਾ ਹੀ ਉਨ੍ਹਾਂ ਦੀ ਜਾਨ ਬਚਾਈ ਜਾ ਸਕੀ।