Punjab News: ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਸ਼ੁੱਕਰਵਾਰ ਤੜਕਸਾਰ ਅਚਾਨਕ ਵਿਦੇਸ਼ ਲਈ ਰਵਾਨਾ ਹੋ ਗਏ, ਹਾਲਾਂਕਿ ਵਿਦੇਸ਼ ਜਾਣ ਬਾਰੇ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ ਹੈ। ਪਿਤਾ ਬਲਕੌਰ ਸਿੰਘ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਕਈ ਦੇਸ਼ਾਂ ਵਿੱਚ ਕਾਰੋਬਾਰ ਫੈਲਿਆ ਹੋਇਆ ਹੈ ਜਿਸ ਨੂੰ ਉਹ 2 ਮਹੀਨਿਆਂ ਵਿੱਚ ਸਮੇਟ ਲੈਣਗੇ। ਕਿਹਾ ਜਾ ਰਿਹਾ ਹੈ ਕਿ ਉਹ ਇਸੇ ਵਜ੍ਹਾ ਕਾਰਨ ਵਿਦੇਸ਼ ਗਏ ਹਨ। ਉਨ੍ਹਾਂ ਨੇ ਇਸ ਬਾਬਾਤ ਕੋਈ ਵੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ।
ਜ਼ਿਕਰ ਕਰ ਦਈਏ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ।
ਕਤਲ ਤੋਂ ਪਹਿਲਾਂ ਦੁਬਈ ‘ਚ ਕੀਤਾ ਸੀ ਸ਼ੋਅ
ਮੂਸੇਵਾਲਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਸੀਟ ਤੋਂ ਕਾਂਗਰਸ ਦੇ ਨਿਸ਼ਾਨ 'ਤੇ ਚੋਣ ਲੜੀ ਸੀ, ਹਾਲਾਂਕਿ ਇਸ ਦੌਰਾਨ ਵਿਜੇ ਸਿੰਗਲਾ ਤੋਂ ਮੂਸੇਵਾਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਮੂਸੇਵਾਲਾ ਨੇ ਦੁਬਈ ਵਿੱਚ ਸ਼ੋਅ ਕੀਤਾ ਸੀ ਤੇ ਇਸ ਦੌਰਾਨ ਆਪਣੀ ਹਾਰ ਦਾ ਜ਼ਿਕਰ ਕਰਦਿਆਂ ਮਾਨਸਾ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਬੇਸ਼ੱਕ ਉਹ ਚੋਣ ਹਾਰ ਗਏ ਹਨ ਪਰ ਫਿਰ ਵੀ ਲੋਕਾਂ ਲਈ ਕੰਮ ਕਰਦੇ ਰਹਿਣਗੇ।
ਕੈਨੇਡਾ ਤੋਂ ਸ਼ੁਰੂ ਹੋਇਆ ਸੀ ਮਿਊਜ਼ਿਕ ਦਾ ਸਫ਼ਰ
ਦੁਨੀਆ ਭਰ ਵਿੱਚ ਨਾਮਨਾ ਖੱਟਣ ਵਾਲੇ ਸਿੱਧੂ ਮੂਸੇਵਾਲਾ ਦਾ ਗਾਇਕੀ ਸਫ਼ਰ ਕੈਨੇਡਾ ਤੋਂ ਸ਼ੁਰੂ ਹੋਇਆ ਸੀ। ਸ਼ੁੱਭਦੀਪ ਸਿੰਘ ਪੜ੍ਹਾਈ ਲਈ ਕੈਨੇਡਾ ਗਏ ਸੀ ਤੇ ਉੱਥੇ ਹੀ ਉਨ੍ਹਾਂ ਦਾ ਮਿਊਜ਼ਿਕ ਕਰੀਅਰ ਸ਼ੁਰੂ ਹੋਇਆ ਸੀ। ਕੈਨੇਡਾ ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਗੀਤ 'ਜੀ ਵੈਗਨ' ਰਿਲੀਜ਼ ਕੀਤਾ ਸੀ ਤੇ 2018 ਵਿੱਚ ਮੂਸੇਵਾਲਾ ਦਾ ਪਹਿਲੀ ਟੇਪ PBX 1 ਆਈ ਸੀ ਜੋ ਕਿ ਬਹੁਤ ਜ਼ਿਆਦਾ ਮਕਬੂਲ ਹੋਈ ਸੀ।