Winter session 2023: ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਵਾ ਪ੍ਰਦੂਸ਼ਣ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਕਿਉਂ ਠਹਿਰਾਇਆ ਜਾਂਦਾ ਹੈ।


ਸੰਤ ਬਲਬੀਰ ਸਿੰਘ ਸੀਚੇਵਾਲ ਨੇ ਟਵੀਟ ਕਰਦਿਆਂ ਕਿਹਾ, ਅੱਜ ਨਵੀਂ ਸੰਸਦ ਵਿੱਚ ਬੋਲਦਿਆਂ ਹੋਇਆ ਵਾਤਾਵਰਣ ਤੇ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਸਦਨ ਵਿੱਚ ਰੱਖਦਿਆਂ ਹਵਾ ਪ੍ਰਦੂਸ਼ਣ ਨਾਲ ਹੋ ਰਹੀਆਂ ਮੌਤਾਂ ਅਤੇ ਜੋ ਹਵਾ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ, ਉਸ ਬਾਰੇ ਸਦਨ ਵਿੱਚ ਆਪਣਾ ਪੱਖ ਰੱਖਿਆ ਗਿਆ।






ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਉਪਦੇਸ਼ ਦਿੱਤੀ ਸੀ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ, ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ', ਅੱਜ ਸਾਰੀ ਦੁਨੀਆ ਹਵਾ ਪ੍ਰਦੂਸ਼ਣ ਤੋਂ ਪੀੜਤ ਹੈ। ਭਾਰਤ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੈ। ਉਨ੍ਹਾਂ ਦੱਸਿਆ ਕਿ ਹਵਾ ਦੇ ਪ੍ਰਦੂਸ਼ਣ ਨਾਲ ਹਰ ਸਾਲ 21 ਲੱਖ 8 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਲੋਕਾਂ ਨੂੰ 1 ਦਿਨ, ਮੁੰਬਈ ਦੇ ਲੋਕਾਂ ਨੂੰ 5 ਦਿਨ ਤੇ ਚੇਨਈ ਦੇ ਲੋਕਾਂ ਨੂੰ ਸਾਲ ਵਿੱਚੋਂ 15 ਦਿਨ ਹੀ ਸ਼ੁੱਧ ਹਵਾ ਮਿਲੀ ਹੈ।


ਉਨ੍ਹਾਂ ਕਿਹਾ ਵਿਸ਼ਵ ਦੀ 36.8 ਬਿਲੀਅਨ ਡਾਲਰ ਦਾ ਨੁਕਸਾਨ ਪ੍ਰਦੂਸ਼ਣ ਨਾਲ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਵੀ ਹਵਾ ਪ੍ਰਦੂਸ਼ਣ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਇਲਜ਼ਾਮ ਪੰਜਾਬ ਦੇ ਕਿਸਾਨਾਂ ਦੇ ਸਿਰ ਮੜ੍ਹਿਆ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਹਨ ਜਦੋਂ ਕਿ ਪੰਜਾਬ ਵਿੱਚ ਪ੍ਰਦੂਸ਼ਣ ਵਿੱਚ ਪੱਧਰ ਘੱਟ ਹੁੰਦਾ ਹੈ ਤੇ ਦਿੱਲੀ ਵਿੱਚ ਹਾਲਤ ਬਹੁਤ ਮਾੜੀ ਹੁੰਦੀ ਹੈ। 


ਪੰਜਾਬ ਦਾ ਕੋਈ ਵੀ ਕਿਸਾਨ ਆਪਣੀ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ, ਪਰ ਅਫਸੋਸ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ 1500 ਰੁਪਇਆ ਦੇਵੇ ਤਾਂ ਜੋ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾਵੇ ਪਰ ਕੇਂਦਰ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ।