Flood in Punjab: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਕਾਰਨ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਦਾ ਵਹਾਅ 65,000 ਕਿਊਸਿਕ ਤੋਂ ਵਧਾ ਕੇ 75,000 ਕਿਊਸਿਕ ਕਰ ਦਿੱਤਾ ਗਿਆ ਹੈ। ਇਸ ਕਾਰਨ ਨੰਗਲ ਖੇਤਰ ਦੇ ਹਰਸਾ ਬੇਲਾ, ਬੇਲਾ ਰਾਮਗੜ੍ਹ, ਬੇਲਾ ਧਿਆਨੀ ਅੱਪਰ, ਬੇਲਾ ਧਿਆਨੀ ਲੋਅਰ, ਸੈਂਸੋਵਾਲ, ਐਲਗਰਾ, ਬੇਲਾ ਸ਼ਿਵ ਸਿੰਘ, ਭਲਾਣ, ਭਾਨਮ, ਸਿੰਘਪੁਰਾ, ਪਲਾਸੀ, ਤਰਫ ਮਜ਼ਾਰਾ ਤੇ ਮਜ਼ਾਰੀ ਪਿੰਡ ਪ੍ਰਭਾਵਿਤ ਹੋ ਸਕਦੇ ਹਨ।

ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਖੇਤਰ ਦੇ ਬੁਰਜ, ਚਾਂਦਪੁਰ ਬੇਲਾ, ਗਜਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਅਮਰਪੁਰ ਬੇਲਾ ਤੇ ਲੋਧੀਪੁਰ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਤੇ ਲੋੜ ਪੈਣ 'ਤੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਰੂਪਨਗਰ ਤੇ ਸ੍ਰੀ ਚਮਕੌਰ ਸਾਹਿਬ ਖੇਤਰ ਵਿੱਚ ਸਤਲੁਜ ਦਰਿਆ ਦੇ ਕੰਢੇ ਸਥਿਤ ਸਾਰੇ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਆ ਨੂੰ ਪਹਿਲ ਦੇਣ ਦੀ ਚੇਤਾਵਨੀ ਦਿੱਤੀ ਹੈ। ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਕੈਂਪ ਸਥਾਪਤ ਕੀਤੇ ਗਏ ਹਨ ਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਇਸ ਦੇ ਨਾਲ ਹੀ ਜਲੰਧਰ ਵਿੱਚ ਸਤਲੁਜ ਦਰਿਆ ਦੇ ਓਵਰਫਲੋਅ ਕਾਰਨ ਜ਼ਿਲ੍ਹੇ ਦੇ ਲਗਪਗ 30 ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਉਧਰ, ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ, ਜਿਸ ਕਾਰਨ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।

ਉਧਰ, ਸਾਰੇ ਡੈਮ ਪਾਣੀ ਨਾਲ ਭਰੇ ਹੋਏ ਹਨ। ਇਸ ਲਈ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਦਾ ਪਾਣੀ ਦਾ ਪੱਧਰ ਬੁੱਧਵਾਰ ਸਵੇਰੇ 6 ਵਜੇ 1393.19 ਫੁੱਟ ਦਰਜ ਕੀਤਾ ਗਿਆ। ਡੈਮ ਵਿੱਚ ਪਾਣੀ ਦੀ ਆਮਦ 1,60,183 ਕਿਊਸਿਕ ਰਹੀ, ਜਦੋਂਕਿ ਪਾਣੀ ਦਾ ਨਿਕਾਸ 79,837 ਕਿਊਸਿਕ ਸੀ। ਇਸ ਵੇਲੇ ਡੈਮ ਵਿੱਚ ਪਾਣੀ ਦੇ ਵਹਾਅ ਦੀ ਗਤੀ ਡਿਸਚਾਰਜ ਨਾਲੋਂ ਲਗਪਗ ਦੁੱਗਣੀ ਹੈ। ਇਸ ਕਾਰਨ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।

ਇਸੇ ਤਰ੍ਹਾਂ ਬੁੱਧਵਾਰ ਸਵੇਰੇ 6 ਵਜੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1677.84 ਫੁੱਟ ਦਰਜ ਕੀਤਾ ਗਿਆ। ਡੈਮ ਵਿੱਚ ਪਾਣੀ ਦੀ ਆਮਦ 86,822 ਕਿਊਸਿਕ ਹੈ, ਜਦੋਂਕਿ ਨਿਕਾਸ 65,042 ਕਿਊਸਿਕ ਹੈ। ਆਮਦ ਤੇ ਨਿਕਾਸ ਵਿੱਚ ਅੰਤਰ ਦੇ ਕਾਰਨ ਪਾਣੀ ਦਾ ਪੱਧਰ ਹੌਲੀ-ਹੌਲੀ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਸਮੇਂ ਇਹ ਖ਼ਤਰੇ ਦੇ ਨਿਸ਼ਾਨ ਤੋਂ ਕੁਝ ਫੁੱਟ ਹੇਠਾਂ ਹੈ।

ਬੁੱਧਵਾਰ ਸਵੇਰੇ 6 ਵਜੇ ਹਰੀਕੇ ਹੈੱਡਵਰਕਸ ਵਿਖੇ ਝੀਲ ਦਾ ਪਾਣੀ ਦਾ ਪੱਧਰ 686.50 ਫੁੱਟ ਸੀ। ਉੱਪਰ ਵੱਲ ਤੋਂ ਆ ਰਿਹਾ ਪਾਣੀ 3,35,030 ਕਿਊਸਿਕ ਰਿਕਾਰਡ ਕੀਤਾ ਗਿਆ। ਇਸ ਵਿੱਚੋਂ 4,930 ਕਿਊਸਿਕ ਪਾਣੀ ਫਿਰੋਜ਼ਪੁਰ ਫੀਡਰ ਵਿੱਚ, 11,791 ਕਿਊਸਿਕ ਰਾਜਸਥਾਨ ਫੀਡਰ ਵਿੱਚ ਤੇ 150 ਕਿਊਸਿਕ ਪਾਣੀ ਮੱਖੂ ਨਹਿਰ ਵਿੱਚ ਛੱਡਿਆ ਗਿਆ। ਬਾਕੀ 3,18,159 ਕਿਊਸਿਕ ਪਾਣੀ ਹੇਠਾਂ ਵੱਲ ਵਗ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਪਾਣੀ ਸਿੱਧਾ ਅੱਗੇ ਵੱਲ ਵਗ ਰਿਹਾ ਹੈ।

ਉਧਰ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਰਕੇ ਮੁਹਾਲੀ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖਤਰਾ ਵਧ ਗਿਆ ਹੈ। ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਅੰਬਾਲਾ ਤੇ ਕਾਲਾ ਅੰਬ ਖੇਤਰਾਂ ਵਿੱਚ ਭਾਰੀ ਬਾਰਸ਼ ਕਾਰਨ ਟਾਂਗਰੀ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਅੰਦਾਜ਼ਾ ਹੈ ਕਿ ਅਗਲੇ 10-12 ਘੰਟਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਖੇਤਰ ਵਿੱਚ ਇਸ ਦੇ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਤੁਰੰਤ ਚੇਤਾਵਨੀ ਜਾਰੀ ਕੀਤੀ ਹੈ।