ਬਠਿੰਡਾ: ਸ਼ਹਿਰ ਵਿੱਚ ਅੱਜ ਇੱਕ ਮਾਂ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰਨ ਦਾ ਬੇਹੱਦ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦੇ ਭਾਈ ਮਤੀ ਦਾਸ ਨਗਰ ਵਿੱਚ ਮਾਂ ਨੇ ਆਪਣੇ ਪੁੱਤ ਨੂੰ ਨਹਾਉਣ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਦੀ ਪਛਾਣ ਹਰਕੀਰਤ ਸਿੰਘ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਮਾਂ ਨੇ ਆਪਣੇ ਪੁੱਤਰ ਦੇ ਮੂੰਹ ਵਿੱਚ ਕੱਪੜਾ ਪਾ ਕੇ ਉਸ ਉੱਪ ਕਿਰਚ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਪਰਮਿੰਦਰ ਸਿੰਘ ਨੂੰ ਆਪੇ ਦੱਸ ਦਿੱਤਾ ਕਿ ਉਸ ਨੇ ਹੈਰੀ (ਮ੍ਰਿਤਕ ਹਰਕੀਰਤ) ਨੂੰ ਮਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ।
ਮ੍ਰਿਤਕ ਦਾ ਪਿਤਾ ਪਰਮਿੰਦਰ ਸਿੰਘ ਪੇਸ਼ੇ ਵਜੋਂ ਠੇਕੇਦਾਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਉਸ ਸਮੇਂ ਵਾਪਰੀ ਜਦ ਪਰਿਵਾਰ ਦੇ ਸਾਰੇ ਮੈਂਬਰ ਘਰ ਵਿੱਚ ਮੌਜੂਦ ਸਨ। ਮੁਲਜ਼ਮ ਮਾਂ ਦਾ ਪਤੀ ਵਾਰਦਾਤ ਸਮੇਂ ਕਾਰ ਸਾਫ਼ ਕਰ ਰਿਹਾ ਸੀ ਤੇ ਘਰ ਦੇ ਬਾਕੀ ਮੈਂਬਰ ਵੀ ਆਪੋ-ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ। ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ।