ਚੰਡੀਗੜ੍ਹ: ਨੇੜਲੇ ਕਸਬੇ ਡੇਰਾਬੱਸੀ ਵਿੱਚ ਇੱਕ ਮਾਂ ਵੱਲੋਂ ਆਪਣੇ ਹੀ ਡੇਢ ਸਾਲ ਦੇ ਪੁੱਤਰ ਦਾ ਦਾ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲੰਮਾ ਸਮਾਂ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਹੀ ਜ਼ੀਰਕਪੁਰ ਪੁਲਿਸ ਨੇ ਪਾਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 17 ਅਪਰੈਲ, 2018 ਨੂੰ ਵਿਅਕਤੀ ਨੇ ਆਪਣੀ ਪਤਨੀ ਵੱਲੋਂ ਉਸ ਦੇ ਪੁੱਤਰ ਨਾਲ ਕੀਤੇ ਜਾਂਦੇ ਸ਼ੋਸ਼ਣ ਸਬੰਧੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ। ਬੱਚੇ ਦਾ ਜਨਮ ਅਗਸਤ 2016 ਵਿੱਚ ਹੋਇਆ ਤੇ ਪਟੀਸ਼ਨ ਦਾਇਰ ਕਰਨ ਸਮੇਂ ਉਹ ਤਕਰੀਬਨ ਡੇਢ ਕੁ ਸਾਲ ਦਾ ਸੀ। ਬੱਚੇ ਦੇ ਪਿਤਾ ਨੇ ਆਪਣੀ ਪਤਨੀ 'ਤੇ ਦੋਸ਼ ਲਾਇਆ ਕਿ ਉਹ ਉਸ ਦੇ ਪੁੱਤਰ ਨਾਲ ਸ਼ੋਸ਼ਣ ਕਰਦੀ ਹੈ ਤੇ ਉਹ ਉਸ ਨੂੰ ਇਹ ਗ਼ਲਤ ਕੰਮ ਕਰਦਿਆਂ ਵੀਡੀਓ ਕਾਲ ਰਾਹੀਂ ਦਿਖਾਉਂਦੀ ਵੀ ਸੀ। ਵਿਅਕਤੀ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਉਹ ਕੰਮ ਕਾਰਨ ਜਲੰਧਰ ਵਿੱਚ ਰਹਿੰਦਾ ਹੈ ਤੇ ਉਸ ਦਾ ਵਿਆਹ ਨਵੰਬਰ 2015 ਵਿੱਚ ਹੋਇਆ ਸੀ। ਦੋਵਾਂ ਦਾ ਇਹ ਦੂਜਾ ਵਿਆਹ ਸੀ। ਅਗਸਤ 2016 ਵਿੱਚ ਪੰਚਕੂਲਾ ਦੇ ਹਸਪਤਾਲ ਵਿੱਚ ਉਨ੍ਹਾਂ ਦੇ ਪੁੱਤਰ ਪੈਦਾ ਹੋਇਆ ਤੇ ਉਸ ਦੀ ਪਤਨੀ ਪੇਕੇ ਚਲੀ ਗਈ। ਵਿਅਕਤੀ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨੇ ਉਸ ਦੇ ਪੁੱਤਰ ਦਾ ਸਰੀਰਕ ਸ਼ੋਸ਼ਣ ਕੀਤਾ ਹੈ ਤੇ ਉਹ ਵੀਡੀਓ ਕਾਲ ਕਰਕੇ ਉਸ ਨੂੰ ਸਭ ਦਿਖਾਉਂਦੀ ਵੀ ਰਹੀ। ਉਸ ਨੇ ਅਜਿਹਾ ਕਰਨ ਤੋਂ ਵਰਜਿਆ ਪਰ ਉਹ ਨਾ ਹਟੀ। ਅਦਾਲਤ ਨੇ ਸਵਾ ਸਾਲ ਲੰਮੀ ਸੁਣਵਾਈ ਤੋਂ ਬਾਅਦ ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਹੁਣ ਐਸਪੀ ਰੈਂਕ ਦੇ ਅਫਸਰ ਕਰਨਗੇ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਔਰਤ ਨੇ ਆਪਣੇ ਪਤੀ ਖ਼ਿਲਾਫ਼ ਦਾਜ ਦਾ ਕੇਸ ਵੀ ਦਰਜ ਕਰਵਾਇਆ ਹੋਇਆ ਹੈ। ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਮਾਮਲੇ ਦੀ ਸੱਚਾਈ ਕੀ ਹੈ।