MP Amritpal Singh: ਲੁਧਿਆਣਾ ਜ਼ਿਮਨੀ ਚੋਣ ਦੀ ਜਿੱਤ ਦਾ ਜਸ਼ਨ ਮਨਾ ਰਹੀ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਸੋਚਾਂ ਵਿੱਚ ਪਾ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ-ਵਾਰਿਸ ਪੰਜਾਬ ਦੇ ਨੇ ਤਰਨ ਤਾਰਨ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਤਰਨ ਤਾਰਨ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ 27 ਜੂਨ ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ। ਹਾਲਾਂਕਿ, ਇੱਥੇ ਜ਼ਿਮਨੀ ਚੋਣ ਦਾ ਐਲਾਨ ਅਜੇ ਬਾਕੀ ਹੈ। 

ਇਸ ਬਾਰੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਇਹ ਸੀਟ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਅਧੀਨ ਆਉਂਦੀ ਹੈ, ਜਿੱਥੋਂ ਅੰਮ੍ਰਿਤਪਾਲ ਸਿੰਘ ਖੁਦ ਸੰਸਦ ਮੈਂਬਰ ਹਨ। ਇਸ ਲਈ ਅਸੀਂ ਚੋਣ ਲੜਾਂਗੇ। ਪਾਰਟੀ ਜਲਦੀ ਹੀ ਉਮੀਦਵਾਰ ਦਾ ਐਲਾਨ ਕਰੇਗੀ। ਸੱਤਾਧਿਰ ਧਿਰ 'ਆਪ' ਲਈ ਚੁਣੌਤੀ ਇਸ ਲਈ ਹੈ ਕਿਉਂਕਿ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਤਰਨ ਤਾਰਨ ਵਿਧਾਨ ਸਭਾ ਸੀਟ ਤੋਂ 40% ਵੋਟਾਂ ਮਿਲੀਆਂ ਸਨ। ਸੂਬਾ ਸਰਕਾਰ ਵਿੱਚ ਮੰਤਰੀ ਹੋਣ ਦੇ ਬਾਵਜੂਦ ਇੱਥੋਂ 'ਆਪ' ਉਮੀਦਵਾਰ ਲਾਲਜੀਤ ਭੁੱਲਰ ਤੀਜੇ ਸਥਾਨ 'ਤੇ ਰਹੇ ਸੀ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਵਿੱਚ ਰਹਿੰਦਿਆਂ ਆਜ਼ਾਦ ਤੌਰ 'ਤੇ ਲੋਕ ਸਭਾ ਚੋਣ ਲੜੀ ਸੀ। ਉਸ ਵੇਲੇ ਨਾ ਕੋਈ ਉਨ੍ਹਾਂ ਦੀ ਪਾਰਟੀ ਸੀ ਤੇ ਨਾ ਹੀ ਕੋਈ ਕੇਡਰ। ਜੇਲ੍ਹ ਵਿੱਚ ਹੋਣ ਕਰਕੇ ਅੰਮ੍ਰਿਤਪਾਲ ਸਿੰਘ ਨੇ ਖੁਦ ਪ੍ਰਚਾਰ ਵੀ ਨਹੀਂ ਕੀਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ 1.79 ਲੱਖ ਵੋਟਾਂ ਨਾਲ ਚੋਣ ਜਿੱਤੀ। ਇਹ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਜਿੱਤ ਦਾ ਸਭ ਤੋਂ ਵੱਡਾ ਫਰਕ ਸੀ। 

ਅਹਿਮ ਗੱਲ ਹੈ ਕਿ ਲੋਕ ਸਭਾ ਚੋਣਾਂ ਸਮੇਂ ਪੰਜਾਬ ਵਿੱਚ 'ਆਪ' ਦੀ ਸਰਕਾਰ ਸੀ। ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ ਲਾਲਜੀਤ ਭੁੱਲਰ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਸੀ। ਜਦੋਂ ਚੋਣ ਨਤੀਜੇ ਆਏ ਤਾਂ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ 'ਆਪ' ਉਮੀਦਵਾਰ ਭੁੱਲਰ ਤੀਜੇ ਨੰਬਰ 'ਤੇ ਰਹੇ। ਅੰਮ੍ਰਿਤਪਾਲ ਸਿੰਘ ਨੂੰ ਇਸ ਵਿਧਾਨ ਸਭਾ ਹਲਕੇ ਤੋਂ 40.79% ਯਾਨੀ 44,703 ਵੋਟਾਂ ਮਿਲੀਆਂ ਸੀ। ਦੂਜੇ ਨੰਬਰ 'ਤੇ ਕਾਂਗਰਸ ਨੂੰ ਇਸ ਦੇ ਅੱਧੇ ਤੋਂ ਵੀ ਘੱਟ ਯਾਨੀ 20,193 ਤੇ 'ਆਪ' ਨੂੰ ਸਿਰਫ਼ 18,298 ਵੋਟਾਂ ਮਿਲੀਆਂ ਸੀ।

ਦੱਸ ਦਈਏ ਕਿ ਸੱਤਾਧਿਰ 'ਆਪ' ਨੇ ਹਾਲ ਹੀ ਵਿੱਚ ਜਲੰਧਰ ਤੇ ਲੁਧਿਆਣਾ ਵਿੱਚ ਹੋਈਆਂ ਉਪ ਚੋਣਾਂ ਜਿੱਤ ਕੇ ਪ੍ਰਭਾਵ ਦਿੱਤਾ ਹੈ ਕਿ ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਹਨ। ਹੁਣ ਤਰਨ ਤਾਰਨ ਉਪ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਅਜਿਹਾ ਹੀ ਕਰਨਾ ਚਾਹੇਗੀ ਪਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਖੇਡ ਵਿਗਾੜ ਸਕਦੀ ਹੈ। ਜੇਕਰ ਤਰਨ ਤਾਰਨ ਉਪ ਚੋਣ ਵਿੱਚ'ਆਪ' ਹਾਰ ਜਾਂਦੀ ਹੈ, ਤਾਂ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਪਾਰਟੀ 2027 ਵਿੱਚ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਸਕਦੀ ਹੈ। ਅਕਾਲੀ ਦਲ ਦਾ ਨਿਰਾਸ਼ ਵੋਟਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਜੁੜ ਸਕਦਾ ਹੈ।

 

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੀ ਐਂਟਰੀ ਆਮ ਆਦਮੀ ਪਾਰਟੀ ਦੇ ਨਾਲ ਹੀ ਅਕਾਲੀ ਦਲ ਦੀ ਵੀ ਚਿੰਤਾ ਵਧਾਏਗੀ। ਇਸ ਦਾ ਕਾਰਨ ਇਹ ਹੈ ਕਿ ਪਿਛਲੀਆਂ ਦੋ ਚੋਣਾਂ ਵਿੱਚ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ ਹੈ। 2022 ਦੀਆਂ ਚੋਣਾਂ ਵਿੱਚ ਅਕਾਲੀ ਦਲ 3 ਸੀਟਾਂ 'ਤੇ ਸਿਮਟ ਗਿਆ ਸੀ। ਇਨ੍ਹਾਂ ਵਿੱਚੋਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠਾ ਤੋਂ, ਮਨਪ੍ਰੀਤ ਇਆਲੀ ਲੁਧਿਆਣਾ ਦੇ ਦਾਖਾ ਤੋਂ ਤੇ ਡਾ. ਸੁਖਵਿੰਦਰ ਸੁੱਖੀ ਬੰਗਾ ਤੋਂ ਚੋਣ ਜਿੱਤੇ ਸਨ। ਇਨ੍ਹਾਂ ਵਿੱਚੋਂ ਡਾ. ਸੁੱਖੀ 'ਆਪ' ਵਿੱਚ ਸ਼ਾਮਲ ਹੋ ਗਏ ਹਨ। ਮਨਪ੍ਰੀਤ ਇਆਲੀ ਵੀ ਪਾਰਟੀ ਤੋਂ ਨਾਰਾਜ਼ ਹਨ।

 

ਦਰਅਸਲ ਜਲੰਧਰ ਤੇ ਲੁਧਿਆਣਾ ਦੀਆਂ ਉਪ-ਚੋਣਾਂ ਵਿੱਚ ਸਿੱਖ ਵੋਟਰਾਂ ਤੋਂ ਇਲਾਵਾ ਹਿੰਦੂ ਵੋਟਰਾਂ ਦਾ ਵੀ ਚੰਗਾ ਪ੍ਰਭਾਵ ਸੀ ਪਰ, ਤਰਨ ਤਾਰਨ ਹਲਕੇ ਵਿੱਚ ਸਿੱਖ ਵੋਟਰਾਂ ਦਾ ਦਬਦਬਾ ਮੰਨਿਆ ਜਾਂਦਾ ਹੈ। ਇਸ ਲਈ ਅਕਾਲੀ ਦਲ-ਵਾਰਿਸ ਪੰਜਾਬ ਦਾ ਕੋਲ ਇੱਕ ਵੱਡਾ ਮੌਕਾ ਹੈ। ਜੇਕਰ ਅਕਾਲੀ ਦਲ-ਵਾਰਿਸ ਪੰਜਾਬ ਦਾ ਚੋਣ ਜਿੱਤ ਜਾਂਦੀ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ 2027 ਵਿੱਚ ਪੰਜਾਬ ਦੀ ਪੰਥਕ ਰਾਜਨੀਤੀ ਦਾ ਇੱਕ ਨਵਾਂ ਚਿਹਰਾ ਉੱਭਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਇੱਕ ਪਾਸੇ ਅਕਾਲੀ ਦਲ ਨੂੰ ਸਭ ਤੋਂ ਵੱਡਾ ਝਟਕਾ ਲੱਗੇਗਾ, ਦੂਜੇ ਪਾਸੇ 'ਆਪ' ਤੇ ਕਾਂਗਰਸ ਲਈ ਇੱਕ ਵੱਡੀ ਚੁਣੌਤੀ ਖੜ੍ਹੀ ਹੋ ਸਕਦੀ ਹੈ। ਹਾਲਾਂਕਿ, ਜੇਕਰ ਉਨ੍ਹਾਂ ਦੀ ਪਾਰਟੀ ਚੋਣ ਹਾਰ ਜਾਂਦੀ ਹੈ ਤਾਂ 2027 ਵਿੱਚ ਵੱਡੀਆਂ ਪਾਰਟੀਆਂ ਨਾਲ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਵੇਗਾ।