ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਮੌਕੇ ਜਾਰੀ ਕੀਤੇ ਪੋਸਟਰ ਦਾ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੜਾ ਵਿਰੋਧ ਕੀਤਾ ਹੈ। ਹਰਸਿਮਰਤ ਨੇ ਸੋਸ਼ਲ ਮੀਡੀਆ ‘ਤੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ ''ਕੇਂਦਰ ਵੱਲੋਂ ਪਹਿਲਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਅਣਦੇਖੀ ਕਰ ਕੇ ਅਤੇ ਸਿੱਖ ਮਰਿਆਦਾ ਦੇ ਖਿਲਾਫ਼ ਚੱਲ ਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਮ ‘ਵੀਰ ਬਾਲ ਦਿਵਸ’ ਰੱਖਿਆ ਗਿਆ'।
ਕੇਂਦਰ ਸਰਕਾਰ ਗੁਮਰਾਹਕੁੰਨ ਪ੍ਰਚਾਰ ਨੂੰ ਬੰਦ ਕਰੇ-ਹਰਸਿਮਰਤ ਕੌਰ ਬਾਦਲ
ਉਨ੍ਹਾਂ ਨੇ ਅੱਗੇ ਲਿਖਿਆ- ''ਹੁਣ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਨੂੰ ਗੈਰ ਸਿੱਖ ਵਿਚਾਰਧਾਰਾ ਨਾਲ ਜੋੜ ਕੇ ਪੇਸ਼ ਕਰਨ ਦਾ ਜੋ ਕੋਝਾ ਯਤਨ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ। ਅਜਿਹਾ ਪ੍ਰਚਾਰ ਸਿੱਖ ਸਿਧਾਂਤਾਂ ’ਤੇ ਸਿੱਧਾ ਹਮਲਾ ਹੈ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਕੇਂਦਰ ਸਰਕਾਰ ਤੁਰੰਤ ਅਜਿਹੇ ਗੁਮਰਾਹਕੁੰਨ ਪ੍ਰਚਾਰ ਨੂੰ ਬੰਦ ਕਰੇ ਅਤੇ ਅਜਿਹੇ ਪ੍ਰੋਗਰਾਮਾਂ ਉੱਪਰ ਪੂਰਨ ਪਾਬੰਦੀ ਲਗਾਈ ਜਾਵੇ।
‘ਸਾਹਿਬਜ਼ਾਦੇ ਸ਼ਹਾਦਤ ਦਿਵਸ‘ ਨਾਮ ਦੇਣ ਦੀ ਮੰਗ ਕੀਤੀ ਜਾ ਰਹੀ
‘ਵੀਰ ਬਾਲ ਦਿਵਸ‘ ਨਾਮ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਸਿੱਖ ਪੰਥ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਉੱਥੇ ਹੀ, ਹੁਣ ਕੇਂਦਰ ਸਰਕਾਰ ਦੇ ਇੱਕ ਪ੍ਰੋਗਰਾਮ ਦੇ ਪੋਸਟਰ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਕੇਂਦਰ ਸਰਕਾਰ ਵੱਲੋਂ 26 ਦਸੰਬਰ ਨੂੰ ‘ਵੀਰ ਬਾਲ ਦਿਵਸ‘ ਮਨਾਇਆ ਜਾਂਦਾ ਹੈ। ਸਿੱਖ ਕੌਮ ਦੇ ਲੋਕ, ਧਾਰਮਿਕ ਹਸਤੀਆਂ ਤੇ ਆਗੂਆਂ ਵੱਲੋਂ ਇਸ ਦਿਵਸ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ‘ ਨਾਮ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਹਾਲਾਂਕਿ, ਕੇਂਦਰ ਤੋਂ ਜਿੱਥੇ ਪਹਿਲਾਂ ਹੀ ਸਿੱਖ ਕੌਮ ਨਾਰਾਜ਼ ਸੀ। ਹੁਣ ਕੇਂਦਰ ਦੇ ਇੱਕ ਹੋਰ ਪ੍ਰੋਗਰਾਮ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ‘ਵੀਰ ਬਾਲ ਦਿਵਸ‘ ਦਾ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਹੈ, ਜਿਸ ‘ਚ ਇੱਕ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਨ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ‘ਚ ਹਿੰਦੀ ‘ਚ ਲਿਖਿਆ ਹੋਇਆ ਹੈ- ''ਜਬ ਨੰਨ੍ਹੇ ਸਪਨੋਂ ਕੋ ਉਡਾਨ ਮਿਲਦੀ ਹੈ, ਰਾਸ਼ਟਰ ਪ੍ਰਗਤੀ ਕਰਤਾ ਹੈ। ਉਨ ਸਪਨੋਂ ਕਾ ਉਤਸਵ ਹੈ ਵੀਰ ਬਾਲ ਦਿਵਸ।''
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।