ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸੋਮਵਾਰ ਸ਼ਾਮ ਨੂੰ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਨਾਲ ਉਨ੍ਹਾਂ ਦੀ ਮੋਹਾਲੀ ਸਥਿਤ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਮੁਲਾਕਾਤ ਦੌਰਾਨ ਦੋਵਾਂ 'ਆਪ' ਨੇਤਾਵਾਂ ਨੇ ਪ੍ਰਤਿਭਾਸ਼ਾਲੀ ਭਾਰਤੀ ਗੇਂਦਬਾਜ਼ ਦੇ ਖਿਲਾਫ ਹੋ ਰਹੀ ਔਨਲਾਈਨ ਟ੍ਰੋਲਿੰਗ ਮਾਮਲੇ 'ਚ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੌਜਵਾਨ ਖਿਡਾਰੀ ਦੇ ਨਾਲ ਖੜ੍ਹੀ ਹੈ।
ਕੱਲ੍ਹ ਪਾਕਿਸਤਾਨ ਖ਼ਿਲਾਫ਼ ਮੈਚ ਦੌਰਾਨ ਤਣਾਅ ਭਰੇ ਮਾਹੌਲ ਵਿੱਚ ਕੈਚ ਛੱਡਣ 'ਤੇ ਅਰਸ਼ਦੀਪ ਦਾ ਬਚਾਅ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਇਹ ਇੱਕ ਗਲਤੀ ਸੀ ਜੋ ਕਿਸੇ ਵੀ ਖਿਡਾਰੀ ਤੋਂ ਹੋ ਸਕਦੀ ਹੈ ਅਤੇ ਲੋਕਾਂ ਨੂੰ ਖਿਡਾਰੀ ’ਤੇ ਵਿਅਕਤੀਗਤ ਤੌਰ ’ਤੇ ਹਮਲਾ ਨਹੀਂ ਕਰਨਾ ਚਾਹੀਦਾ। ਅਰਸ਼ਦੀਪ ਦੇ ਪਰਿਵਾਰ ਨੇ ਖੇਡ ਮੰਤਰੀ ਸਮੇਤ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਡਟਵੇਂ ਸਮਰਥਨ ਲਈ 'ਆਪ' ਆਗੂਆਂ ਦਾ ਧੰਨਵਾਦ ਕੀਤਾ।
ਦੱਸ ਦੇਈਏ ਕਿ ਅਰਸ਼ਦੀਪ ਸਿੰਘ ਤੋਂ 4 ਸਤੰਬਰ ਨੂੰ ਹੋਏ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੇ ਦੌਰਾਨ ਇੱਕ ਕੈਚ ਛੁੱਟ ਗਿਆ ਸੀ ,ਜਿਸ ਨੂੰ ਲੈ ਕੇ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਗਿਆ। ਉਨ੍ਹਾਂ ਦੇ ਵਿਕੀਪੀਡੀਆ ਪੇਜ ’ਤੇ ਉਨ੍ਹਾਂ ਨੂੰ ‘ਖ਼ਾਲਿਸਤਾਨੀ’ ਕਰਾਰ ਦੇ ਦਿੱਤਾ ਗਿਆ। ਏਸ਼ੀਆ ਕੱਪ ਦਾ ਪਹਿਲਾ ਸੁਪਰ 4 ਮੈਚ ਦੁਬਈ ਵਿੱਚ ਐਤਵਾਰ ਨੂੰ ਖੇਡਿਆ ਗਿਆ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।
ਪਾਕਿਸਤਾਨ ਨਾਲ ਮੈਚ 'ਚ ਭਾਰਤ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲਾਂਕਿ ਕਈ ਵੱਡੀਆਂ ਹਸਤੀਆਂ ਨੇ ਅਰਸ਼ਦੀਪ ਸਿੰਘ ਦਾ ਬਚਾਅ ਵੀ ਕੀਤਾ ਹੈ। ਵਿਰਾਟ ਕੋਹਲੀ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਹਫ਼ੀਜ਼ ਸਣੇ ਕਈ ਹੋਰ ਹਸਤੀਆਂ ਅਰਸ਼ ਦੇ ਸਰਮਥਨ 'ਚ ਅੱਗੇ ਆਈਆਂ ਹਨ