Mr. India Remake: ਹਿੰਦੀ ਸਿਨੇਮਾ ਜਗਤ ਦੀਆਂ ਸਭ ਤੋਂ ਵੱਡੀਆਂ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ, ਮਿਸਟਰ ਇੰਡੀਆ (ਐਮਆਰ ਇੰਡੀਆ) ਨੇ 25 ਮਈ ਨੂੰ 35 ਸਾਲ ਪੂਰੇ ਕਰ ਲਏ ਹਨ। ਬਾਲੀਵੁੱਡ ਅਦਾਕਾਰ ਅਨਿਲ ਕਪੂਰ (Anil Kapoor) ਅਤੇ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦੀ ਇਸ ਫਿਲਮ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਸਨ। ਹਾਲਾਂਕਿ ਇਸ ਫਿਲਮ 'ਚ ਦਿੱਗਜ ਅਦਾਕਾਰ ਅਮਰੀਸ਼ ਪੁਰੀ ਵਿਲੇਨ ਮੋਗੈਂਬੋ ਦਾ ਕਿਰਦਾਰ ਕਾਫੀ ਚਰਚਾ 'ਚ ਰਿਹਾ ਸੀ ਜਾਂ ਇੰਨਾ ਕਹਿ ਲਵੋ ਕਿ ਮੌਜੂਦਾ ਸਮੇਂ ਵਿੱਚ ਲੋਕ ਮਰਹੂਮ ਅਦਾਕਾਰ ਅਮਰੀਸ਼ ਪੁਰੀ ਨੂੰ ਇਸ ਰੋਲ ਕਰਕੇ ਜ਼ਿਆਦਾ ਯਾਦ ਕਰਦੇ ਹਨ। ਇਸ ਦੌਰਾਨ ਇਸ ਫਿਲਮ ਵਿੱਚ ਕੈਲੰਡਰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਸਤੀਸ਼ ਕੌਸ਼ਿਕ (Satish Kaushik) ਨੂੰ ਵੀ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ਅਤੇ ਹੁਣ ਮਿਸਟਰ ਇੰਡੀਆ ਦੇ ਕੈਲੰਡਰ ਨੇ ਇਸ ਫਿਲਮ ਦੇ ਰੀਮੇਕ ਨੂੰ ਲੈ ਕੇ ਚੁੱਪੀ ਤੋੜ ਦਿੱਤੀ ਹੈ।


ਨਹੀਂ ਹੋਣਾ ਚਾਹੀਦਾ ਮਿਸਟਰ ਇੰਡੀਆ ਦਾ ਰੀਮੇਕ 
ਇਕ ਪਾਸੇ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਜਲਦ ਹੀ 1987 'ਚ ਰਿਲੀਜ਼ ਹੋਈ ਸੁਪਰਹਿੱਟ ਫਿਲਮ 'ਮਿਸਟਰ ਇੰਡੀਆ' ਦਾ Sequel ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਪਰ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਆਪਣੀ ਰਾਏ ਰੱਖਦੇ ਹੋਏ ਬਾਲੀਵੁੱਡ ਅਭਿਨੇਤਾ ਸਤੀਸ਼ ਕੌਸ਼ਿਕ ਨੇ ਹਾਲ ਹੀ 'ਚ ਇਕ ਮੀਡੀਆ ਇੰਟਰਵਿਊ 'ਚ ਕਿਹਾ ਹੈ ਕਿ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਇਸ ਆਈਕੋਨਿਕ ਫਿਲਮ ਦਾ ਰੀਮੇਕ ਹੋਵੇ। ਸਤੀਸ਼ ਕੌਸ਼ਿਕ ਅਨੁਸਾਰ ਮੇਰੇ ਖਿਆਲ ਵਿੱਚ ਭਾਰਤ ਦੀ ਸਭ ਤੋਂ ਮਨੋਰੰਜਕ ਫਿਲਮ ਮਿਸਟਰ ਦੇ ਰੀਮੇਕ ਅਤੇ ਸਵੀਕਾਰ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਨਾਲ ਹੀ ਅਜਿਹੀਆਂ ਫਿਲਮਾਂ ਨਾਲ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ। ਮਿਸਟਰ ਇੰਡੀਆ ਵਰਗੀ ਫਿਲਮ ਸਦੀ ਵਿੱਚ ਇੱਕ ਵਾਰ ਹੀ ਬਣਦੀ ਹੈ। ਦੱਸ ਦੇਈਏ ਕਿ ਸਤੀਸ਼ ਕੌਸ਼ਿਕ ਨੇ ਮਿਸਟਰ ਇੰਡੀਆ ਵਿੱਚ ਐਸੋਸੀਏਟ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਸੀ।


ਅਨਿਲ ਕਪੂਰ ਹੀ ਫ਼ਿਲਮ ਵਿੱਚ ਪਾ ਸਕਦੇ ਜਾਨ 
ਫਿਲਮ ਮਿਸਟਰ ਇੰਡੀਆ 'ਤੇ ਆਪਣੀ ਗੱਲ ਜਾਰੀ ਰੱਖਦੇ ਹੋਏ ਸਤੀਸ਼ ਕੌਸ਼ਿਕ ਦਾ ਮੰਨਣਾ ਹੈ ਕਿ ਇਹ ਫਿਲਮ ਸਿਰਫ ਇਕ ਕਲਾਕਾਰ ਦੀ ਬਦੌਲਤ ਨਹੀਂ ਬਣੀ। ਫਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ, ਬੋਨੀ ਕਪੂਰ ਐਕਸ਼ਨ ਨਿਰਦੇਸ਼ਕ ਵੀਰੂ ਦੇਵਗਨ, ਸਿਨੇਮੈਟੋਗ੍ਰਾਫਰ ਬਾਬਾ ਆਜ਼ਮੀ, ਕੋਰੀਓਗ੍ਰਾਫਰ ਸਰੋਜ ਖਾਨ ਤੋਂ ਲੈ ਕੇ ਕਲਾਕਾਰ ਅਤੇ ਕਰੂ ਨੇ ਆਪਣੀ ਸੌ ਫੀਸਦੀ ਦੇਣ ਨਾਲ ਮਿਸਟਰ ਇੰਡੀਆ ਨੂੰ ਇੰਨੀ ਵੱਡੀ ਹਿੱਟ ਸਾਬਤ ਕੀਤਾ। ਇਨ੍ਹਾਂ ਸਾਰਿਆਂ ਦੀ ਮਿਹਨਤ ਦਾ ਨਤੀਜਾ ਇਸ ਫਿਲਮ ਦੀ ਸਫਲਤਾ ਸੀ ਤੇ ਜੇਕਰ ਭਵਿੱਖ ਵਿੱਚ ਇਸ ਫਿਲਮ ਦਾ ਰੀਮੇਕ ਬਣਾਇਆ ਜਾਂਦਾ ਹੈ ਤਾਂ ਕੇਵਲ ਅਨਿਲ ਕਪੂਰ ਹੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੇ ਹਨ। ਦੱਸਣਯੋਗ ਹੈ ਕਿ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਕੁਝ ਸਾਲ ਪਹਿਲਾਂ ਇਸ ਫਿਲਮ ਦੇ ਰੀਮੇਕ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।