Fazilka News : ਫਾਜ਼ਿਲਕਾ ਦੇ ਪਿੰਡ ਮੁਹਾਰ ਸੋਨਾ ਵਿੱਚ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਬੱਚਿਆਂ ਅਤੇ ਆਸ -ਪਾਸ ਪਿੰਡਾਂ ਦੇ ਲੋਕਾਂ ਵੱਲੋਂ ਸਕੂਲ ਨੂੰ ਤਾਲਾ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤ-ਪਾਕ ਸਰਹੱਦ ਨੇੜੇ ਵਸੇ ਪਿੰਡ ਮੁਹਾਰ ਸੋਨਾ ਦੇ ਸਰਕਾਰੀ ਹਾਈ ਸਕੂਲ ਨੂੰ ਲੱਗੇ ਤਾਲੇ ਨੂੰ ਅੱਜ ਵਿਧਾਇਕ ਦੇ ਭਰੋਸੇ ਤੋਂ ਬਾਅਦ ਖੋਲ ਦਿੱਤਾ ਗਿਆ ਹੈ। ਭਰੋਸਾ ਦਿੱਤਾ ਗਿਆ ਹੈ ਇਕ ਜੁਲਾਈ ਤੋਂ ਸਕੂਲ ਵਿਚ ਗਿਆਰਵੀਂ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ।



ਫਾਜ਼ਿਲਕਾ ਦੇ ਪਿੰਡ ਮੁਹਾਰ ਸੋਨਾ ਵਿਖੇ ਪਿਛਲੇ ਚਾਰ ਦਿਨਾਂ ਤੋਂ ਸਕੂਲ ਦੇ ਬੱਚੇ ਤੇ ਸਥਾਨਕ ਚਾਰ ਪਿੰਡਾਂ ਦੇ ਲੋਕ ਸਰਕਾਰੀ ਹਾਈ ਸਕੂਲ ਦੇ ਬਾਹਰ ਧਰਨੇ 'ਤੇ ਬੈਠੇ ਹੋਏ ਹਨ।  ਦਿਨ ਰਾਤ ਚੱਲ ਰਹੇ ਇਸ ਧਰਨੇ ਵਿੱਚ ਇਕ ਹੀ ਮੰਗ ਕੀਤੀ ਜਾ ਰਹੀ ਸੀ ਕਿ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਤੇ ਆਖਿਰਕਾਰ ਹੁਣ ਸਰਕਾਰ ਤੱਕ ਇਹ ਅਵਾਜ਼ ਪਹੁੰਚ ਹੀ ਗਈ ਹੈ। ਜਿਸ ਤੋਂ ਬਾਅਦ ਫਾਜ਼ਿਲਕਾ ਤੋਂ ਆਪ ਪਾਰਟੀ ਦੇ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਪਿੰਡ ਮੁਹਾਰ ਸੋਨਾ ਵਿੱਚ ਧਰਨੇ ਵਾਲੀ ਥਾਂ 'ਤੇ ਪਹੁੰਚੇ ਅਤੇ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਸਰਕਾਰ ਦੇ ਨਾਲ਼ ਗੱਲਬਾਤ ਕਰ ਲਈ ਗਈ ਹੈ।

ਉਨ੍ਹਾਂ ਕਿਹਾ ਕਿ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਪਰ ਲੋਕ ਵਿਧਾਇਕ ਦੀ ਗੱਲ ਤੋਂ ਸੰਤੁਸ਼ਟ ਨਹੀਂ ਹੋਏ, ਜਿਸ ਤੋਂ ਬਾਅਦ ਵਿਧਾਇਕ ਨੇ ਆਪਣੀ ਲੈਟਰ ਪੈਡ 'ਤੇ ਲਿਖਤ ਵਿੱਚ ਦਿੱਤਾ ਕਿ ਇਕ ਜੁਲਾਈ ਤੋਂ ਸਰਕਾਰੀ ਹਾਈ ਸਕੂਲ ਮੁਹਾਰ ਸੋਨਾ ਵਿੱਚ 11ਵੀ ਜਮਾਤ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਜਿਸ ਮਗਰੋਂ ਲਿਖਤ ਭਰੋਸਾ ਮਿਲਣ ਤੋਂ ਬਾਅਦ ਸਥਾਨਕ ਲੋਕਾਂ ਨੇ ਧਰਨਾ ਚੁੱਕਣ ਦਾ ਫੈਸਲਾ ਲੈ ਲਿਆ ਅਤੇ ਵਿਧਾਇਕ ਦੀ ਹਾਜ਼ਰੀ ਵਿੱਚ ਸਕੂਲ ਦੇ ਗੇਟ ਨੂੰ ਲਾਇਆ ਤਾਲਾ ਵੀ ਖੋਲ ਦਿੱਤਾ ਗਿਆ ਹੈ।

ਵਿਧਾਇਕ ਦਾ ਕਹਿਣਾ ਹੈ ਕਿ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਤੇ ੳਹ ਆਪਣੇ ਭਰੋਸੇ 'ਤੇ ਖਰਾ ਉਤਰਨਗੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਸਕੂਲ ਨੂੰ ਲਾਇਆ ਤਾਲਾ ਖੋਲ੍ਹ ਦਿੱਤਾ ਹੈ ਤੇ ਧਰਨਾ ਵੀ ਚੁੱਕ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਰ ਇਸ ਦੇ ਬਾਵਜੂਦ ਸਕੂਲ ਵਿੱਚ ਕਲਾਸਾਂ ਸ਼ੁਰੂ ਨਾ ਹੋਈਆਂ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਸੂਬਾ ਪੱਧਰ ਦਾ ਰੂਪ ਦੇ ਦਿੱਤਾ ਜਾਵੇਗਾ।