ਨਗਰ ਨਿਗਮ ਚੋਣਾਂ ਦਾ ਐਲਾਨ, ਕਾਂਗਰਸ ਦਾ ਪਹਿਲਾ ਟੈਸਟ
ਏਬੀਪੀ ਸਾਂਝਾ | 30 Nov 2017 03:26 PM (IST)
ਪ੍ਰਤੀਕਾਤਮਕ ਤਸਵੀਰ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਨਿਗਮ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਵੋਟਾਂ ਪੈਣ ਦਾ ਦਿਨ 17 ਦਸੰਬਰ ਐਲਾਨ ਦਿੱਤਾ ਹੈ। ਸੰਧੂ ਨੇ ਕਿਹਾ ਕਿ ਵੋਟਾਂ ਪੈਣ ਤੋਂ ਬਾਅਦ ਉਸੇ ਦਿਨ ਹੀ ਨਤੀਜੇ ਐਲਾਨ ਦਿੱਤੇ ਜਾਣਗੇ। ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੇ ਇਸ ਗੇੜ ਵਿੱਚ 3 ਨਗਰ ਨਿਗਮ ਤੇ 32 ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਕਮਿਸ਼ਨਰ ਨੇ ਦੱਸਿਆ ਨਿਗਮ ਚੋਣਾਂ ਸਬੰਧੀ 2 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੇ ਇਸੇ ਦਿਨ ਤੋਂ ਉਮੀਦਵਾਰ ਆਪੋ-ਆਪਣੇ ਨਾਮਜ਼ਦਗੀ ਪੱਤਰ ਦਾਇਰ ਕਰਨ ਲੱਗ ਜਾਣਗੇ। 8 ਦਸੰਬਰ ਨੂੰ ਨਾਮਜ਼ਦਗੀ ਵਾਪਸ ਲੈਣ ਦਾ ਦਿਨ ਤੈਅ ਕੀਤਾ ਗਿਆ ਹੈ। ਇਸ ਵਾਰ ਉਮੀਦਵਾਰਾਂ ਦੀ ਚੋਣਾਂ ਵਿੱਚ ਖ਼ਰਚ-ਹੱਦ ਨੂੰ ਵਧਾ ਕੇ 2.5 ਲੱਖ ਕਰ ਦਿੱਤਾ ਹੈ। ਚੋਣਾਂ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਰਾਹੀਂ ਕਰਵਾਈਆਂ ਜਾਣਗੀਆਂ। ਨਗਰ ਨਿਗਮਾਂ ਵਿੱਚ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਦੀਆਂ ਚੋਣਾਂ ਬਾਦ ਵਿੱਚ ਕਰਵਾਈਆਂ ਜਾਣਗੀਆਂ। ਦੱਸ ਦੇਈਏ ਕਿ ਇਹ ਚੋਣਾਂ ਇਸ ਲਈ ਖ਼ਾਸ ਹਨ ਕਿਉਂਕਿ ਇਸੇ ਸਾਲ ਪੰਜਾਬ ਵਿੱਚ ਨਵੀਂ ਸਰਕਾਰ ਬਣੀ ਹੈ ਤੇ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਫੀ ਵਾਅਦੇ ਕੀਤੇ ਸਨ। ਇਹ ਚੋਣਾਂ ਕਾਂਗਰਸ ਲਈ ਇੱਕ ਸਖ਼ਤ ਟੈਸਟ ਸਾਬਤ ਹੋਣਗੀਆਂ। ਇਨ੍ਹਾਂ ਦੇ ਨਤੀਜਿਆਂ ਤੋਂ ਇਹ ਪਤਾ ਲੱਗੇਗਾ ਲੋਕਾਂ ਨੂੰ ਸਰਕਾਰ ਵਿੱਚ ਕਿੰਨਾ ਕੁ ਯਕੀਨ ਹੈ।