ਚੰਡੀਗੜ੍ਹ: ਪਟਿਆਲਾ ਵਿੱਚ ਬੁੱਧਵਾਰ ਦੀ ਰਾਤ ਦੋ ਨੌਜਵਾਨਾਂ ਦੇ ਕਤਲ ਕੇਸ ਵਿੱਚ ਵੱਡੇ ਖੁਲਾਸਾ ਹੋਇਆ ਹੈ। ਪੁਲਿਸ ਨੂੰ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪ੍ਰਤਾਪ ਨਗਰ ਨੇੜੇ ਨੇਪਾਲ ਢਾਬੇ ’ਤੇ ਉਨ੍ਹਾਂ ਦਾ ਦੋ ਹੋਰਾਂ ਨਾਲ ਤਕਰਾਰ ਹੋ ਗਿਆ। ਇਸ ਦੌਰਾਨ ਦੋਵਾਂ ਨੌਜਵਾਨਾਂ ਨੇ ਇੱਕ ਅੱਧਖੜ ਉਮਰ ਦੇ ਵਿਅਕਤੀ ਨੂੰ ਕੁੱਟ ਸੁੱਟਿਆ। ਉਸ ਅੱਧਖੜ ਵਿਅਕਤੀ ਦਾ ਬੇਟਾ ਵੀ ਉੱਥੇ ਹੀ ਸੀ।

ਉਹ ਆਪਣੇ ਪਿਤਾ ਨੂੰ ਲੈ ਕੇ ਚਲਾ ਗਿਆ ਤੇ ਹਥਿਆਰਾਂ ਨਾਲ ਹੋਰ ਬੰਦਿਆਂ ਨੂੰ ਲੈ ਆ ਗਿਆ। ਉਨ੍ਹਾਂ ਨੇ 12 ਬੋਰ ਦੀ ਰਾਈਫਲ ਨਾਲ ਨੌਜਵਾਨਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਗੋਲੀਆਂ ਬਿੱਲ਼ਕੁੱਲ ਨੇੜਿਉਂ ਸਿਰ ਵਿੱਚ ਮਾਰੀਆਂ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਂਝ ਇਹ ਦੀ ਪੁਸ਼ਟੀ ਨਹੀਂ ਹੋਈ ਕਿ ਝਗੜੇ ਦੀ ਸ਼ੁਰੂਆਤ ਕਿਉਂ ਤੇ ਕਿਵੇਂ ਹੋਈ।

ਦੱਸ ਦਈਏ ਕਿ ਦੋਵੇਂ ਮ੍ਰਿਤਕ ਪਾਵਰਕੌਮ ਦੇ ਮੁਲਾਜ਼ਮ ਸਨ ਤੇ ਆਪਸ ਵਿੱਚ ਗੂੜ੍ਹੇ ਮਿੱਤਰ ਸਨ। ਮ੍ਰਿਤਕਾਂ ’ਚੋਂ ਇੱਕ ਹਾਕੀ ਦਾ ਕੌਮੀ ਖਿਡਾਰੀ ਸੀ। ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਜੀਠੀਆ ਐਨਕਲੇਵ ਤੇ ਸਿਮਰਨਜੀਤ ਸਿੰਘ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ ਵਜੋਂ ਹੋਈ ਹੈ। ਅਮਰੀਕ ਸਿੰਘ ਹਾਕੀ ਖਿਡਾਰੀ ਸੀ, ਜਿਸ ਨੂੰ 2005 ਵਿੱਚ ਖਿਡਾਰੀ ਹੋਣ ਕਾਰਨ ਹੀ ਨੌਕਰੀ ਮਿਲੀ ਸੀ। ਹੁਣ ਉਹ ਪਾਵਰਕੌਮ ਵਿਚ ਐਲਡੀਸੀ ਦੇ ਅਹੁਦੇ ’ਤੇ ਤਾਇਨਾਤ ਸੀ ਤੇ ਉਹ ਇਸੇ ਮਹੀਨੇ ਬੜੌਦਾ ਵਿੱਚ ਹੋਈਆਂ ਮਾਸਟਰ ਗੇਮਜ਼ ਖੇਡ ਕੇ ਆਇਆ ਸੀ, ਜਿਸ ਵਿੱਚ ਟੀਮ ਨੇ ਸੋਨ ਤਮਗਾ ਜਿੱਤਿਆ ਸੀ।

ਪੁਲਿਸ ਮੁਤਾਬਕ 19 ਫਰਵਰੀ ਰਾਤ ਸਵਾ ਦਸ ਵਜੇ ਦੋਵੇਂ ਦੋਸਤ ਪ੍ਰਤਾਪ ਨਗਰ ਨੇੜੇ ਸਥਿਤ ਨੇਪਾਲ ਢਾਬੇ ’ਤੇ ਬੈਠੇ ਸਨ ਕਿ ਇਨ੍ਹਾਂ ਦਾ ਦੋ ਹੋਰ ਵਿਅਕਤੀਆਂ ਨਾਲ ਤਕਰਾਰ ਹੋ ਗਿਆ। ਇਸ ਦੌਰਾਨ ਦੋਵਾਂ ਨੇ ਅੱਧਖੜ ਉਮਰ ਦੇ ਵਿਅਕਤੀ ਕੁੱਟਮਾਰ ਕੀਤੀ। ਇਸ ਮੌਕੇ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਦਾ ਜਵਾਨ ਪੁੱਤ ਵੀ ਨਾਲ ਸੀ। ਉਹ ਆਪਣੇ ਪਿਤਾ ਨੂੰ ਲੈ ਕੇ ਉਥੋਂ ਚਲਾ ਗਿਆ ਤੇ ਕੁਝ ਹੀ ਸਮੇਂ ਬਾਅਦ ਉਹ ‘ਪਿਉ-ਪੁੱਤ’ ਦੋ ਹੋਰ ਨੌਜਵਾਨਾਂ ਸਮੇਤ ਵਾਪਸ ਢਾਬੇ ’ਤੇ ਆਏ ਤੇ ਨਾਲ ਲਿਆਂਦੀ 12 ਬੋਰ ਦੀ ਰਾਈਫਲ ਨਾਲ ਦੋਵਾਂ ਨੌਜਵਾਨਾਂ ਦੇ ਗੋਲੀਆਂ ਮਾਰ ਦਿੱਤੀਆਂ। ਪੁਲਿਸ ਦੀ ਮੁੱਢਲੀ ਤਫ਼ਤੀਸ਼ ਅਨੁਸਾਰ ਕਾਤਲਾਂ ਵਿਚੋਂ ਇੱਕ ਦਾ ਨਾਮ ਮਨੋਜ ਹੈ।