ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਹੁਣ ਇਸ ਮਾਮਲੇ 'ਚ ਪੁਲਿਸ ਨੇ ਇੱਕ ਹੋਰ ਸ਼ਾਰਪ ਸ਼ੂਟਰ ਕੇਸ਼ਵ ਤੇ ਉਸ ਦੇ ਸਾਥੀ ਚੇਤਨ ਨੂੰ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੇਸ਼ਵ ਨੂੰ ਰੇਕੀ ਕਰਨ ਵਾਲੇ ਕੇਕੜਾ ਨਾਲ ਦੇਖਿਆ ਗਿਆ ਸੀ। ਕੇਸ਼ਵ 'ਤੇ ਕਤਲ ਕੇਸ 'ਚ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਸ਼ਾਰਪ ਸ਼ੂਟਰ ਸੌਰਵ ਮਹਾਕਾਲ ਨੂੰ ਵੀ ਪੁਣੇ ਤੋਂ ਫੜਿਆ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜੇਕਰ ਸੀਬੀਆਈ ਉਨ੍ਹਾਂ ਦੀ ਮੰਗ ਮੰਨ ਲੈਂਦੀ ਤਾਂ ਮੂਸੇਵਾਲਾ ਕਤਲ ਕਾਂਡ ਨੂੰ ਰੋਕਿਆ ਜਾ ਸਕਦਾ ਸੀ।

ਪੰਜਾਬ ਪੁਲਿਸ ਮੂਸੇਵਾਲਾ ਹੱਤਿਆ ਕਾਂਡ ਤੋਂ ਬਾਅਦ ਹੋਰ ਸੂਬਿਆਂ ਦੀ ਪੁਲਿਸ ਨਾਲ ਮਿਲ ਕੇ ਕਾਤਲਾਂ ਨੂੰ ਲਗਾਤਾਰ ਗ੍ਰਿਫ਼ਤਾਰ ਕਰ ਰਹੀ ਹੈ। ਇਸ ਦੌਰਾਨ ਉਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 29 ਮਈ ਦੇ ਹੱਤਿਆ ਕਾਂਡ ਤੋਂ 10 ਦਿਨ ਪਹਿਲਾਂ ਸੀਬੀਆਈ ਅੱਗੇ ਮੰਗ ਰੱਖੀ ਸੀ। ਪੰਜਾਬ ਪੁਲਿਸ ਮੁਤਾਬਕ ਸਿੱਧੂ ਮੂਸੇਵਾਲਾ ਜਿੰਦਾ ਹੁੰਦਾ ਜੇਕਰ ਸੀਬੀਆਈ ਨੇ ਉਨ੍ਹਾਂ ਦੀ ਗੱਲ ਮੰਨੀ ਹੁੰਦੀ।

ਪੰਜਾਬ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ 19 ਮਈ ਨੂੰ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਵਿਰੁੱਧ ਦੋ ਪੁਰਾਣੇ ਮਾਮਲਿਆਂ ਦੇ ਮੱਦੇਨਜ਼ਰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਸੀਬੀਆਈ ਨੇ ਇਹ ਕੰਮ ਸਮੇਂ ਸਿਰ ਕੀਤਾ ਹੁੰਦਾ ਤਾਂ ਪੰਜਾਬ ਪੁਲਿਸ ਸਰਕਾਰ ਨਾਲ ਮਿਲ ਕੇ ਬਰਾੜ ਖਿਲਾਫ ਕਾਰਵਾਈ ਕਰਨ ਲਈ ਮਦਦ ਮੰਗਦੀ ਪਰ ਕੇਂਦਰੀ ਏਜੰਸੀ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ।

ਪੰਜਾਬ ਪੁਲਿਸ ਦਾ ਮੰਨਣਾ ਹੈ ਕਿ ਜੇਕਰ ਗੋਲਡੀ ਬਰਾੜ ਖਿਲਾਫ ਨੋਟਿਸ ਮੰਗ ਦੇ ਇੱਕ-ਦੋ ਦਿਨ ਬਾਅਦ ਜਾਰੀ ਕੀਤਾ ਗਿਆ ਹੁੰਦਾ ਤਾਂ ਸੀਬੀਆਈ ਨੂੰ ਇਸ ਵਿੱਚ ਇੰਟਰਪੋਲ ਦੀ ਮਦਦ ਮਿਲ ਸਕਦੀ ਸੀ। ਫਿਰ ਏਜੰਸੀ ਦੀ ਮਦਦ ਨਾਲ ਉਸ ਨੂੰ ਅਪਰਾਧਿਕ ਮਾਮਲਿਆਂ ਕਾਰਨ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ। ਦੱਸਣਯੋਗ ਹੈ ਕਿ ਗੈਂਗਸਟਰ ਗੋਲਡੀ ਬਰਾੜ 'ਤੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੋਣ ਦਾ ਦੋਸ਼ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 5 ਮਈ ਨੂੰ ਇੱਕ ਹੋਰ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ।

ਹਾਲਾਂਕਿ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਹੈ। ਪੰਜਾਬ ਪੁਲਿਸ ਨੇ ਜਿਨ੍ਹਾਂ ਦੋ ਮਾਮਲਿਆਂ 'ਤੇ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਜਾਰੀ ਕਰਨ ਦੀ ਮੰਗ ਕੀਤੀ ਸੀ, ਉਨ੍ਹਾਂ 'ਚੋਂ ਇੱਕ ਮਾਮਲਾ 12 ਨਵੰਬਰ 2020 ਨੂੰ ਫਰੀਦਕੋਟ ਦੇ ਥਾਣਾ ਸਿਟੀ 'ਚ ਜਾਨਲੇਵਾ ਹਮਲਾ ਤੇ ਅਸਲਾ ਐਕਟ ਦਾ ਸੀ। ਜਦਕਿ ਦੂਜਾ ਮਾਮਲਾ 18 ਫਰਵਰੀ 2021 ਨੂੰ ਕਤਲ ਤੇ ਅਸਲਾ ਐਕਟ ਨਾਲ ਸਬੰਧਤ ਸੀ।

ਇਸ ਤੋਂ ਇਲਾਵਾ ਬੁੱਧਵਾਰ (8 ਜੂਨ) ਨੂੰ ਮੂਸੇਵਾਲਾ ਹੱਤਿਆਕਾਂਡ 'ਚ ਇਕ ਹੋਰ ਸਫਲਤਾ ਹੱਥ ਲੱਗੀ, ਜਿਸ 'ਚ ਪੁਲਿਸ ਨੇ ਸ਼ਾਰਪ ਸ਼ੂਟਰ ਸੌਰਵ ਮਹਾਕਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਾਰਪ ਸ਼ੂਟਰ ਸੌਰਵ ਨੂੰ ਮੁੰਬਈ ਪੁਲਿਸ ਨੇ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਸੌਰਵ ਇਕ ਹੋਰ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੇ ਸੰਪਰਕ 'ਚ ਸੀ। ਦੱਸ ਦੇਈਏ ਕਿ ਸੰਤੋਸ਼ ਜਾਧਵ ਨੂੰ ਅੰਡਰਵਰਲਡ ਡਾਨ ਅਰੁਣ ਗਵਲੀ ਗੈਂਗ ਦਾ ਕਰੀਬੀ ਮੰਨਿਆ ਜਾਂਦਾ ਹੈ।