ਬਠਿੰਡਾ: ਧਿਆਨ ਸਿੰਘ ਮੰਡ ਮੁਤਵਾਜ਼ੀ ਜਥੇਦਾਰ ਨੇ ਪੰਜਾਬ ਸਰਕਾਰ ਤੇ ਐਸਜੀਪੀਸੀ ਵੱਲੋਂ ਸਿੱਖ ਜਥੇਬੰਦੀਆਂ ਤੇ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 55ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਇਕੱਠੇ ਸਮਾਗਮ ਮਨਾਉਣ ਦੇ ਲਈ ਲਾਈਆਂ ਗਈਆਂ ਸਟੇਜਾਂ ਦਾ ਅੱਜ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹ ਦੋਸ਼ੀ ਸਟੇਜਾਂ 'ਤੇ ਬੈਠਣਗੇ? ਇਸ ਦੇ ਚੱਲਦਿਆਂ ਉਹ ਅਕਾਲ ਤਖ਼ਤ ਸਾਹਿਬ ਦੇ ਇਸ ਫੈਸਲੇ ਦਾ ਬਾਈਕਾਟ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਸਿੱਖਾਂ ਦੀ ਭਾਰੀ ਸੰਖਿਆ ਹੈ ਤੇ ਉਹ ਇਹ ਫੈਸਲਾ ਖੁਦ ਲੈਣਗੇ।
ਇਸ ਦੇ ਨਾਲ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਗੁਰੂ ਸਾਹਿਬ ਤੇ ਸਿੱਖਾਂ ਦੇ ਕਕਾਰਾਂ ਦਾ ਅਪਮਾਨ ਕਰਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ। ਪੰਜਾਬ ਵਿੱਚ ਵੱਸ ਰਹੀਆਂ ਸਿੱਖ ਜਥੇਬੰਦੀਆਂ ਇਸ ਦੀ ਘੋਰ ਨਿੰਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮੁਆਫੀ ਮੰਗੇ ਨਹੀਂ ਤਾਂ ਕਾਨੂੰਨ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।
ਧਿਆਨ ਸਿੰਘ ਮੰਡ ਨੇ ਕਿਹਾ ਕਿ ਪੰਜਾਬੀ ਭਾਸ਼ਾ ਗੁਰਬਾਣੀ ਵਿੱਚ ਰਚੀ ਹੋਈ ਹੈ, ਜਿਸ ਦੇ ਚੱਲਦੇ ਪੰਜਾਬੀ, ਪੰਜਾਬੀ ਭਾਸ਼ਾ ਦਾ ਮਾਣ ਸਨਮਾਨ ਕਰਦੇ ਹਨ। ਮੰਡ ਦੇ ਮੁਤਾਬਿਕ ਜਿਨ੍ਹਾਂ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਲੋਕਾਂ ਨੂੰ ਬਾਜ ਆਉਣਾ ਚਾਹੀਦਾ ਹੈ।