ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਸਰਬਜੀਤ ਕੌਰ ਮਾਣੂੰਕੇ ਨੇ ਵਿਵਾਦਿਤ ਕੋਠੀ ਨਾਲ ਸਬੰਧਤ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਵਿਧਾਇਕ ਬਣਨ ਤੋਂ ਲੈ ਕੇ ਅੱਜ ਤੱਕ ਅਸੀਂ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ ਅਤੇ ਨਾ ਹੀ ਕਰਨਾ ਚਾਹੁੰਦੇ ਹਾਂ। ਇਹ ਸਾਡੀ ਪਾਰਟੀ ਦਾ ਸੱਭਿਆਚਾਰ ਨਹੀਂ ਹੈ।  ਮਾਣੂੰਕੇ ਨੇ ਕਿਹਾ ਕਿ ਛੇ ਸਾਲ ਤੋਂ ਵੱਧ ਸਮਾਂ ਵਿਧਾਇਕ ਰਹਿਣ ਦੇ ਬਾਵਜੂਦ ਮੈਂ ਅਤੇ ਮੇਰੇ ਪਤੀ ਦੀ ਕੋਈ ਜਾਇਦਾਦ ਨਹੀਂ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਾਂ। ਮੈਂ ਉਹ ਘਰ ਵੀ ਕਿਰਾਏ 'ਤੇ ਲਿਆ ਸੀ। ਜਿਸਦਾ ਸਾਡੇ ਕੋਲ ਰੈਂਟ ਐਗਰੀਮੈਂਟ ਵੀ ਹੈ ਅਤੇ ਅਸੀਂ ਹਰ ਮਹੀਨੇ ਕਿਰਾਇਆ ਵੀ ਅਦਾ ਕੀਤਾ ਹੈ।


ਜਦੋਂ ਮੈਨੂੰ ਉਸ ਐੱਨ.ਆਰ.ਆਈ. ਮਕਾਨ ਮਾਲਕ ਵੱਲੋਂ ਕੋਠੀ ਖਾਲੀ ਕਰਨ ਲਈ ਕਿਹਾ ਗਿਆ ਤਾਂ ਮੈਂ ਕਿਹਾ ਕਿ ਮੈਨੂੰ ਨਵਾਂ ਘਰ ਲੱਭਣ ਅਤੇ ਸ਼ਿਫਟ ਕਰਨ ਲਈ ਡੇਢ ਮਹੀਨੇ ਦਾ ਸਮਾਂ ਲੱਗੇਗਾ ਪਰ ਉਹ ਜਲਦਬਾਜ਼ੀ ਕਰਨ ਲੱਗੇ। ਬੇਵਜ੍ਹਾ ਦਾ ਵਿਵਾਦ ਪੈਦਾ ਹੁੰਦਿਆਂ ਵੇਖ ਅਸੀਂ ਓਸ ਘਰ ਨੂੰ ਜਲਦ ਖਾਲੀ ਕਰਨ ਦਾ ਫੈਸਲਾ ਕੀਤਾ। ਕੁਝ ਦਿਨ ਪਹਿਲਾਂ ਹੀ ਮੈਂ ਜਗਰਾਉਂ ਦੀ ਰਾਇਲ ਕਲੋਨੀ ਵਿੱਚ ਨਵਾਂ ਮਕਾਨ ਕਿਰਾਏ ’ਤੇ ਲਿਆ ਹੈ, ਜਿੱਥੇ ਅਸੀਂ ਸ਼ਿਫਟ ਵੀ ਹੋ ਗਏ ਹਾਂ। ਮੈਂ ਉਸ ਕੋਠੀ ਦੀ ਚਾਬੀ ਵੀ ਵਾਪਸ ਕਰ ਦਿੱਤੀ ਹੈ। ਹੁਣ ਮੇਰਾ ਕਿਸੇ ਵਿਵਾਦਿਤ ਕੋਠੀ ਨਾਲ ਕੋਈ ਸਬੰਧ ਨਹੀਂ ਰਿਹਾ।


ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਖਾਸ ਕਰਕੇ ਸੁਖਪਾਲ ਖਹਿਰਾ 'ਤੇ ਮਾਮਲੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਖਹਿਰਾ ਨੇ ਜਾਣਬੁੱਝ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸੁਖਪਾਲ ਖਹਿਰਾ 'ਤੇ ਸੜਕ 'ਤੇ ਕਬਜ਼ਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਰਾਮਗੜ੍ਹ ਵਾਲੇ ਘਰ ਦੇ ਨੇੜੇ ਵਾਲੀ ਸੜਕ ਕਿੱਥੇ ਗਾਇਬ ਹੋ ਗਈ ਹੈ? ਮਾਣੂੰਕੇ ਨੇ ਖਹਿਰਾ 'ਤੇ ਨਜਾਇਜ਼ ਜਾਇਦਾਦ ਬਣਾਉਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ‘ਲੈਂਡ ਰੈਵੇਨਿਊ ਐਕਟ-1972’ ਅਨੁਸਾਰ ਪੰਜਾਬ ਵਿੱਚ ਸੇਮ ਵਾਲੇ ਖੇਤਰ ਵਿੱਚ ਕੋਈ ਵੀ ਵਿਅਕਤੀ 17 ਏਕੜ ਤੋਂ ਵੱਧ ਜ਼ਮੀਨ ਦਾ ਮਾਲਕ ਨਹੀਂ ਹੋ ਸਕਦਾ। ਉਸ ਸਮੇਂ ਖਹਿਰਾ ਦੇ ਘਰ ਵਿੱਚ ਉਨ੍ਹਾਂ ਦੇ ਪਿਤਾ ਅਤੇ ਦਾਦਾ ਜੀ ਸਨ। ਇਸ ਹਿਸਾਬ ਨਾਲ ਉਨ੍ਹਾਂ ਕੋਲ 34 ਏਕੜ ਜ਼ਮੀਨ ਬਣਦੀ ਹੈ। ਪਰ ਉਨ੍ਹਾਂ ਕੋਲ 51 ਏਕੜ ਜ਼ਮੀਨ ਕਿੱਥੋਂ ਆਈ?


ਉਨ੍ਹਾਂ ਖਹਿਰਾ 'ਤੇ ਆਪਣੇ ਇਕ ਦੋਸਤ ਰਾਹੀਂ ਚੰਡੀਗੜ੍ਹ ਸਥਿਤ ਮਕਾਨ ਹੜੱਪਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਖਾਸ ਦੋਸਤ, ਜੋ ਉਨ੍ਹਾਂ ਦਾ ਕਾਰੋਬਾਰੀ ਭਾਈਵਾਲ ਵੀ ਹੈ, ਨੇ ਚੰਡੀਗੜ੍ਹ ਸੈਕਟਰ-5 ਵਿਚ ਇਕ ਮਕਾਨ ਕਿਰਾਏ 'ਤੇ ਲਿਆ ਸੀ ਅਤੇ ਕੁਝ ਸਮੇਂ ਬਾਅਦ ਖਹਿਰਾ ਉਸ ਮਕਾਨ ਦਾ ਮਾਲਕ ਬਣ ਗਿਆ। ਉਸ ਨੇ ਉਸ ਮਕਾਨ ਦੀ ਕੀਮਤ ਸਿਰਫ਼ 16 ਲੱਖ ਰੁਪਏ ਦੱਸੀ ਹੈ ਜਦੋਂਕਿ ਇਹ ਕਰੋੜਾਂ ਦੀ ਜਾਇਦਾਦ ਹੈ। ਉਸ ਨੇ ਉਸ ਮਕਾਨ ਦੇ ਅਸਲੀ ਮਾਲਕ ਕੋਲ ਵੀ ਰਜਿਸਟਰੀ ਨਹੀਂ ਕਰਵਾਈ ਹੈ। ਖਹਿਰਾ ਦੇ ਉਸ ਦੋਸਤ 'ਤੇ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਸੁਖਪਾਲ ਖਹਿਰਾ ਨੂੰ ਇਸ ਮਾਮਲੇ 'ਤੇ ਜਵਾਬ ਦੇਣਾ ਚਾਹੀਦਾ ਹੈ।