Sidhu Moose Wala:  ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਹਰ ਐਤਵਾਰ ਉਸ ਦੇ ਪ੍ਰਸ਼ੰਸਕ ਪਹੁੰਚਦੇ ਹਨ। ਇਸ ਦੌਰਾਨ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਸੰਬੋਧਰ ਕਰਦਿਆਂ ਮੂਸੇ ਵਾਲਾ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਅਤੇ ਨਾ ਹੀ ਕੋਈ ਪੁੱਛਗਿੱਛ ਹੋ ਰਹੀ ਹੈ।


'ਜਦੋਂ ਤੁਹਾਡੇ ਉੱਤੇ ਮਾੜਾ ਸਮਾਂ ਆਇਆ ਤਾਂ ਕਿਸੇ ਨੇ ਨਹੀਂ ਖੜ੍ਹਣਾ'


ਜਿਸ ਕਲਾਕਾਰ ਨੂੰ ਇੰਨ੍ਹੇਂ ਜ਼ਿਆਦਾ ਲੋਕ ਪਿਆਰ ਕਰਦੇ ਹੋਣ, ਉਸਦੀ ਸੁਣਵਾਈ ਨਹੀਂ ਹੋ ਰਹੀ ਤਾਂ ਆਮ ਲੋਕਾਂ ਦੀ ਕੀ ਸੁਣਵਾਈ ਹੋਵੇਗੀ। ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਅਤੇ ਸਾਨੂੰ ਮਿਲਣ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ। ਚਰਨ ਕੌਰ ਨੇ ਕਿਹਾ ਕਿ ਬੇਸ਼ਕ ਅੱਜ ਸਾਡਾ ਮਾੜਾ ਸਮਾ ਹੈ ਪਰ ਕੱਲ੍ਹ ਨੂੰ ਚੰਗਾ ਸਮਾਂ ਵੀ ਆਵੇਗਾ ਅਤੇ ਮੈ ਸਮੇਂ ਦੇ ਇਨ੍ਹਾਂ ਸ਼ਾਸਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇਸ ਜਹਾਨੋਂ ਮੇਰਾ ਇੱਕ ਪੁੱਤ ਗਿਆ ਹੈ ਪਰ ਉਹ ਲੱਖਾਂ ਕਰੋੜਾਂ ਪੁੱਤ ਮੇਰੀ ਝੋਲੀ ਪਾ ਗਿਆ ਹੈ ਜੋ ਇੱਕ ਸਾਲ ਤੋਂ ਉਨ੍ਹਾਂ ਦੇ ਦੁੱਖ ਵਿੱਚ ਸ਼ਰੀਕ ਹੋ ਰਹੇ ਹਨ। ਚਰਨ ਕੌਰ ਨੇ ਕਿਹਾ ਜਦੋਂ ਤੁਹਾਡੇ 'ਤੇ ਅਜਿਹਾ ਮਾੜਾ ਸਮਾਂ ਆਇਆ ਤਾਂ ਕਿਸੇ ਨੇ ਵੀ ਤੁਹਾਡੇ ਨਾਲ ਲਈ ਖੜਨਾ।


ਅਸੀਂ ਇਕੱਲੇ ਨਹੀਂ ਪੂਰੀ ਦੁਨੀਆ ਸਿੱਧੂ ਨੂੰ ਰੋ ਰਹੀ 


ਸਿੱਧੂ ਮੂਸੇਵਾਲਾ ਦੀ ਮੌਤ 'ਤੇ ਇਕੱਲੇ ਅਸੀਂ ਨਹੀਂ, ਬਲਕਿ ਪੂਰੀ ਦੁਨੀਆਂ ਉਸ ਨੂੰ ਯਾਦ ਕਰਕੇ ਰੋ ਰਹੀ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਿਨ੍ਹਾਂ ਲੋਕਾਂ ਦਾ ਸੁਭਦੀਪ ਸਿੱਧੂ ਦੇ ਕਤਲ ਵਿੱਚ ਹੱਥ ਹੈ, ਪਰਮਾਤਮਾ ਉਨ੍ਹਾਂ ਦੀ ਲੰਮੀ ਉਮਰ ਕਰੇ ਅਤੇ ਉਹ ਸਭ ਕੁਝ ਇੱਥੇ ਹੀ ਭੁਗਤ ਕੇ ਜਾਣ।  ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਤੁਹਾਡਾ ਇਹ ਕਰਜ਼ ਸਾਰੀ ਉਮਰ ਨਹੀਂ ਉਤਾਰ ਸਕਦੇ ਜੋ ਤੁਸੀਂ ਸਾਡਾ ਦੁੱਖ ਵੰਡਾ ਰਹੇ ਹੋ। ਉਨ੍ਹਾਂ ਅਪੀਲ ਕੀਤੀ ਕਿ ਉਹ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਕਿਉਂਕਿ ਸਰਕਾਰ ਨੇ ਤਾਂ ਅੱਖਾਂ 'ਤੇ ਪੱਟੀ ਬੰਨ੍ਹ ਰੱਖੀ ਹੈ। 


ਜਾਂ ਤਾਂ ਸਰਕਾਰ ਮੁਤਾਬਕ ਚੱਲੋ ਨਹੀਂ ਮਾਰ ਦਿੱਤਾ ਜਾਵੇਗਾ


ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਜਾਂ ਤਾਂ ਸਾਨੂੰ ਸਰਕਾਰ ਮੁਤਾਬਕ ਚੱਲਣਾ ਪਵੇਗਾ ਜਾਂ ਫਿਰ ਸੱਚ ਬੋਲਣ ਵਾਲੇ ਨੂੰ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਮਾਰ ਦਿੱਤਾ ਜਾਵੇਗਾ। ਬਲਤੇਜ ਪੰਨੂੰ ਵੱਲੋਂ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਪੋਸਟਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਹ ਭੁਲੇਖਾ ਕੱਢ ਦੇਵੇ ਕਿ ਲੋਕ ਉਸਨੂੰ ਮਾਫ਼ ਕਰ ਦੇਣਗੇ।