Punjab News: ਪੰਜਾਬ ਦੇ ਵਿੱਚ ਨਾਇਬ ਤਹਿਸੀਲਦਾਰ ਚੰਗੇ ਹੀ ਨੋਟ ਛਾਪ ਰਹੇ ਹਨ। ਜੀ ਹਾਂ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਖ਼ਿਲਾਫ ਮਨੀ ਲਾਂਡਰਿੰਗ ਕੇਸ ਵਿੱਚ ਹੁਣ ਵਿਜੀਲੈਂਸ ਬਿਊਰੋ ਨੇ ਸਖ਼ਤ ਕਾਰਵਾਈ ਕੀਤੀ ਹੈ। ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਉਨ੍ਹਾਂ ਵਿਰੁੱਧ FIR ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ 'ਚ ਸਾਹਮਣੇ ਆਇਆ ਕਿ ਵਰਿੰਦਰਪਾਲ ਸਿੰਘ ਧੂਤ ਦੀ ਜਾਇਦਾਦ ਉਨ੍ਹਾਂ ਦੀ ਘੋਸ਼ਿਤ ਆਮਦਨ ਨਾਲੋਂ 211.54% ਵੱਧ ਹੈ।
ਪੁਲਿਸ ਕੱਸੇਗੀ ਸ਼ਿਕੰਜ਼ਾ
ਹੁਣ ਵਿਜੀਲੈਂਸ ਬਿਊਰੋ ਦੀ ਜਲੰਧਰ ਰੇਂਜ ਦੀ ਟੀਮ ਉਨ੍ਹਾਂ ਨਾਲ ਪੁੱਛਗਿੱਛ ਕਰੇਗੀ ਅਤੇ ਰਿਮਾਂਡ 'ਤੇ ਲੈ ਕੇ ਪੂਰੇ ਮਾਮਲੇ ਦੀ ਗਹਿਰੀ ਜਾਂਚ ਕਰੇਗੀ। ਇਹ ਕਾਰਵਾਈ ਸੂਬੇ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਸਖ਼ਤੀ ਨੂੰ ਦਰਸਾਉਂਦੀ ਹੈ।
ਦਸ ਸਾਲਾਂ ‘ਚ ਵਧਾਈ ਆਮਦਨ
ਵਿਜੀਲੈਂਸ ਬਿਊਰੋ ਨੇ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਕਮਾਈ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ। ਇਹ ਜਾਂਚ 1 ਜਨਵਰੀ 2009 ਤੋਂ 31 ਦਸੰਬਰ 2018 ਤੱਕ ਦੀ ਮਿਆਦ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਦੌਰਾਨ ਧੂਤ ਦੀ ਹਰ ਸਰੋਤ ਅਤੇ ਢੰਗ ਰਾਹੀਂ ਕੁੱਲ ਆਮਦਨ ₹3,58,97,111.59 ਰੁਪਏ ਸੀ। ਜਦਕਿ ਉਨ੍ਹਾਂ ਦੇ ਕੁੱਲ ਖਰਚੇ ਅਤੇ ਜਾਇਦਾਦ ਦੀ ਕੀਮਤ ₹11,18,34,544.22 ਰੁਪਏ ਪਾਈ ਗਈ। ਇਹ ਰਕਮ ਉਨ੍ਹਾਂ ਦੀ ਕਾਨੂੰਨੀ ਆਮਦਨ ਨਾਲੋਂ ₹7,59,37,432.63 (ਅਰਥਾਤ 211.54% ਵੱਧ) ਸੀ।
ED ਨੇ 8 ਕਰੋੜ ਦੀ ਜਾਇਦਾਦ ਕੀਤੀ ਸੀ ਅਟੈਚ
ਵਰਿੰਦਰਪਾਲ ਸਿੰਘ ਧੂਤ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ ਮਨੀ ਲਾਂਡਰਿੰਗ ਮਾਮਲੇ ਚ ਕੇਸ ਦਰਜ ਕੀਤਾ ਹੋਇਆ ਹੈ। ED ਨੇ ਇਸ ਮਾਮਲੇ ਵਿੱਚ ਆਪਣੀ ਚਾਰਜਸ਼ੀਟ ਵੀ ਦਾਖਲ ਕਰ ਦਿੱਤੀ ਹੈ। ਏਜੰਸੀ ਵੱਲੋਂ 12 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਉਨ੍ਹਾਂ ਵਿਰੁੱਧ ਧਨ ਸ਼ੋਧਨ ਨਿਵਾਰਣ ਅਧਿਨਿਯਮ (PMLA) ਦੀ ਧਾਰਾ 44 ਹੇਠ ਕਾਰਵਾਈ ਕੀਤੀ ਗਈ ਹੈ।
ED ਨੇ ਅਪਰੈਲ 2023 ਵਿੱਚ ਧੂਤ ਦੀ ਗ੍ਰਿਫ਼ਤਾਰੀ ਵੀ ਕੀਤੀ ਸੀ। ਨਾਲ ਹੀ ਚੰਡੀਗੜ੍ਹ ਅਤੇ ਹੁਸ਼ਿਆਰਪੁਰ ਵਿੱਚ ਉਸ ਦੀ ਲਗਭਗ 8 ਕਰੋੜ ਰੁਪਏ ਦੀ ਰਿਹਾਇਸ਼ੀ ਜਾਇਦਾਦ ਨੂੰ ਅਸਥਾਈ ਤੌਰ 'ਤੇ ਕੁਰਕ ਕੀਤਾ ਗਿਆ ਸੀ।