Punjab News : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ। ਉਹਨਾਂ ਨੇ ਫਿਰ ਇਸ ਉੱਤੇ ਨਰਾਜ਼ਗੀ ਜ਼ਾਹਰ ਕਰਦੇ ਹੋਏ ਵਿਰੋਧੀਆਂ ਉੱਤੇ ਤੰਜ ਕੱਸਿਆ ਹੈ। ਇਸ ਦੌਰਾ ਗੁੱਸਾ ਜ਼ਾਹਰ ਕਰਦੇ ਹੋਏ ਡਾ. ਨਵਜੋਤ ਕੌਰ ਨੇ ਟਵੀਟ ਕਰਦੇ ਲਿਖਿਆ- ਗੈਂਗਸਟਰਾਂ, ਨਸ਼ੇ ਦੇ ਸੌਦਾਗਰਾਂ, ਕੱਟੜ ਅਪਰਾਧੀਆਂ ਅਤੇ ਬਲਾਤਕਾਰੀਆਂ ਨੂੰ ਸਰਕਾਰੀ ਨੀਤੀ ਤੋਂ ਰਾਹਤ ਜਾਂ ਜ਼ਮਾਨਤ ਮਿਲ ਸਕਦੀ ਹੈ ਪਰ ਇੱਕ ਸੱਚਾ, ਇਮਾਨਦਾਰ ਵਿਅਕਤੀ ਉਸ ਗੁਨਾਹ ਦੀ ਸਜ਼ਾ ਭੋਗਦਾ ਹੈ ਜੋ ਉਸਨੇ ਨਹੀਂ ਕੀਤਾ। ਕੇਂਦਰ ਦੁਆਰਾ ਪ੍ਰਦਾਨ ਕੀਤੇ ਗਏ ਨਿਆਂ ਅਤੇ ਰਾਹਤ ਤੋਂ ਵਾਂਝੇ ਹਨ। ਵਾਹਿਗੁਰੂ ਮੇਹਰ ਕਰੋ ਜੋ ਭੁੱਲ ਗਏ ਹਨ।




 


ਦੱਸਣਯੋਗ ਹੈ ਕਿ ਬੀਤੇ ਕੁੱਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਚੰਗੇ ਆਚਰਣ ਕਾਰਨ ਗਣਤੰਤਰ ਦਿਵਸ ਮੌਕੇ ਰਿਹਾਅ ਕੀਤਾ ਜਾਣਾ ਸੀ ਪਰ ਹੁਣ ਉਨ੍ਹਾਂ ਦੀ ਰਿਹਾਈ ਟਾਲ ਦਿੱਤੀ ਗਈ ਹੈ। ਉਨ੍ਹਾਂ ਦੇ ਸਮਰਥਕਾਂ ਨੇ ਸਿੱਧੂ ਦੀ ਰਿਹਾਈ ਲਈ ਪਹਿਲਾਂ ਹੀ ਕਾਫੀ ਤਿਆਰੀਆਂ ਕਰ ਲਈਆਂ ਸਨ। ਉਨ੍ਹਾਂ ਦੇ ਸਵਾਗਤ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪੋਸਟਰ ਚਿਪਕਾਏ ਗਏ ਸੀ।




ਘਰ ਵਿੱਚ ਟੈਂਟ ਲਾ ਕੇ ਉਸ ਦੀ ਰਿਹਾਈ ਲਈ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਉਹ ਸਭ ਧਰੀਆਂ ਰਹਿ ਗਈਆਂ। ਹਾਲਾਂਕਿ ਉਨ੍ਹਾਂ ਦੇ ਸਮਰਥਕ ਕਾਂਗਰਸੀ ਆਗੂ ਪਟਿਆਲਾ ਸਥਿਤ ਸਿੱਧੂ ਦੇ ਘਰ ਇਕੱਠੇ ਹੋਏ ਹਨ। ਸਿੱਧੂ ਦੇ ਸਮਰਥਕਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਰੂਟ ਮੈਪ ਵੀ ਸਾਂਝਾ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸਿੱਧੂ ਕਿਹੜੇ ਰੂਟਾਂ ਤੋਂ ਲੰਘਣਗੇ। ਇਸ ਟਵੀਟ ਵਿੱਚ ਉਨ੍ਹਾਂ ਦੇ ਸਮਰਥਕਾਂ ਨੇ ਲੋਕਾਂ ਨੂੰ ਸਿੱਧੂ ਦਾ ਸਵਾਗਤ ਕਰਨ ਦੀ ਅਪੀਲ ਕੀਤੀ ਹੈ।




ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਿੱਧੂ ਦੀ ਰਿਹਾਈ ਦੇ ਫੈਸਲੇ ਨੂੰ ਟਾਲਣ 'ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਨਵਜੋਤ ਸਿੱਧੂ ਇਕ ਖੌਫਨਾਕ ਜਾਨਵਰ ਦੀ ਸ਼੍ਰੇਣੀ 'ਚ ਆਉਂਦਾ ਹੈ। ਇਸੇ ਕਰਕੇ ਉਨ੍ਹਾਂ ਨੂੰ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਵੀ ਰਿਹਾਈ ਦੀ ਰਾਹਤ ਨਹੀਂ ਦਿੱਤੀ ਜਾ ਰਹੀ। ਸਾਰਿਆਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ।