ਨਵਜੋਤ ਸਿੱਧੂ ਖਿਲਾਫ ਕਾਰਵਾਈ ਲਈ ਬੀਜੇਪੀ ਨੂੰ ਸਹੀ ਸਮੇਂ ਦੀ ਉਡੀਕ
ਏਬੀਪੀ ਸਾਂਝਾ | 21 Jul 2016 01:25 PM (IST)
ਚੰਡੀਗੜ੍ਹ: "ਨਵਜੋਤ ਕੌਰ ਸਿੱਧੂ ਜਾਂ ਕਿਸੇ ਵੀ ਹੋਰ ਨੂੰ ਅਨੁਸਾਸ਼ਨ ਭੰਗ ਹੋਣ 'ਤੇ ਸਹੀ ਸਮਾਂ ਆਉਣ 'ਤੇ ਸਹੀ ਕਾਰਵਾਈ ਹੋਵੇਗੀ। ਅਨੁਸਾਸ਼ਨ ਹਰ ਕਿਸੇ ਲਈ ਜ਼ਰੂਰੀ ਹੈ ਤੇ ਸਭ ਨੂੰ ਮੰਨਣਾ ਚਾਹੀਦਾ ਹੈ।" ਪੰਜਾਬ ਦੇ ਕੈਬਨਿਟ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਨਵਜੋਤ ਕੌਰ ਸਿੱਧੂ ਦੇ ਸਰਕਾਰ ਤੇ ਪਾਰਟੀ ਵਿਰੋਧੀ ਬਿਆਨਾਂ ਬਾਰੇ ਇਹ ਗੱਲ ਕਹੀ ਹੈ। ਮਿੱਤਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਗਟ ਸਿੰਘ ਤੇ ਇੰਦਰਬੀਰ ਬੁਲਾਰੀਆ 'ਤੇ ਕਾਰਵਾਈ ਕਰਨ ਦੇ ਮਸਲੇ 'ਤੇ ਕਿਹਾ ਕਿ ਅਕਾਲੀ ਦਲ ਨੇ ਆਪਣੇ ਮੁਤਾਬਕ ਫੈਸਲੇ ਲੈਣੇ ਹਨ ਤੇ ਅਸੀਂ ਆਪਣੇ ਮੁਤਾਬਕ।ਉਨ੍ਹਾਂ ਕਿਹਾ ਕਿ ਬੀਜੇਪੀ ਵੱਡੀ ਪਾਰਟੀ ਹੈ ਤੇ ਇਸ 'ਚ ਹਰ ਫੈਸਲਾ ਲੈਣ ਦੀ ਇੱਕ ਪ੍ਰਕਿਰਿਆ ਹੈ। ਇਸ ਲਈ ਹਰ ਫੈਸਲਾ ਲੈਣਲਈ ਸਮਾਂ ਲੱਗਦਾ ਹੈ। ਮਿੱਤਲ ਨੇ ਕਿਹਾ ਕਿ ਬੀਜੇਪੀ 'ਚ ਅਨੁਸਾਸ਼ਨੀ ਕਮੇਟੀ ਬਣੀ ਹੋਈ ਹੈ ਤੇ ਅਨੁਸਾਸ਼ਨੀ ਕਮੇਟੀ ਹੀ ਇਸ ਮਸਲੇ 'ਤੇ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਬੀਜੇਪੀ 'ਚ ਜਿਨ੍ਹਾਂ ਆਗੂਆਂ ਦੀ ਜ਼ਿੰਮੇਵਾਰੀ ਕਾਰਵਾਈ ਕਰਨ ਦੀ ਹੈ, ਉਹ ਜਲਦ ਹੀਇਸ ਮਾਮਲੇ 'ਚ ਕੋਈ ਨਾ ਕੋਈ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ ਤੇ ਮੀਡੀਆ ਉਨ੍ਹਾਂ ਬਾਰੇ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਗੱਲਾਂ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬੀਜੇਪੀ ਨੇ ਪੰਜਾਬ 'ਚ ਬਹੁਤ ਵਿਕਾਸ ਕੀਤਾ ਹੈ ਤੇ ਇਸ ਵਿਕਾਸ ਦੇ ਨਾਅਰੇ ਦੇ ਸਿਰ 'ਤੇ ਪੰਜਾਬ 'ਚ ਅਗਲੀ ਸਰਕਾਰ ਬਣਾਈ ਜਾਵੇਗੀ। ਮਿੱਤਲ ਨੇ ਕਿਹਾ ਕਿ ਪੰਜਾਬ ਤੇ ਦੇਸ 'ਚ ਆਮ ਆਦਮੀ ਪਾਰਟੀ ਦਾ ਨਾਮੋ ਨਿਸ਼ਾਨ ਮਿਟ ਜਾਵੇਗੀ ਕਿਉਂਕਿ ਇਨ੍ਹਾਂ ਦੀ ਅਸਲੀਅਤ ਤੋਂ ਲੋਕ ਵਾਕਫ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ ਦਾ ਨਾਂ ਦੁਨੀਆ 'ਚ ਰੋਸ਼ਨ ਕੀਤਾ ਹੈ ਤੇ ਲੋਕ ਆਉਣ ਵਾਲੇ ਸਮੇਂ 'ਚ ਵੀ ਮੋਦੀ ਨਾਲ ਚੱਲਣਗੇ।