ਚੰਡੀਗੜ੍ਹ/ਨਵੀਂ ਦਿੱਲੀ: ਬੀਜੇਪੀ ਨੂੰ ਅਲਵਿਦਾ ਕਹਿ ਹਵਾ ਵਿੱਚ ਲਟਕ ਰਹੇ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਅਜੀਬ ਬੁਝਾਰਤ ਬਣੇ ਹੋਏ ਹਨ। ਦਿਲਚਸਪ ਗੱਲ ਇਹ ਹੈ ਕਿ ਸਿੱਧੂ ਖੁਦ ਤਾਂ ਬੁਝਾਰਤ ਬਣੇ ਹੋਏ ਹੀ ਹਨ, ਨਾਲ ਹੀ ਉਨ੍ਹਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਵੀ ਕਈ ਬੁਝਾਰਤਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਸਿੱਧੂ ਦੀ ਅਗਵਾਈ ਵਾਲਾ ਫਰੰਟ ਆਵਾਜ਼-ਏ-ਪੰਜਾਬ ਦਾਅਵਾ ਕਰ ਰਿਹਾ ਹੈ ਕਿ ਉਨ੍ਹਾਂ ਦੀ ਕਾਂਗਰਸ ਨਾਲ ਗੱਲਬਾਤ ਚੱਲ ਰਹੀ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਿਰ ਦਾਅਵਾ ਕੀਤਾ ਹੈ ਕਿ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪਾਰਟੀ ਦਾ ਕੋਈ ਵੀ ਮੈਂਬਰ ਸਿੱਧੂ ਦੇ ਸੰਪਰਕ ਵਿੱਚ ਨਹੀਂ।
ਉਂਝ, ਕੈਪਟਨ ਦੀ ਸੁਰ ਹੁਣ ਕੁਝ ਨਰਮ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਧੂ ਬਿਨਾ ਕਿਸੇ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਕੈਪਟਨ ਨੇ ਕਾਂਗਰਸ ਦੇ ਕੌਮੀ ਉੱਪ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਚੋਣ ਮੁਹਿੰਮ ਪ੍ਰੋਗਰਾਮ ਬਾਰੇ ਚਰਚਾ ਲਈ ਅੱਜ ਸਵੇਰੇ ਦਿੱਲੀ ਸਥਿਤ ਆਪਣੇ ਘਰ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਗੱਲ ਕਹੀ।
ਦੂਜੇ ਪਾਸੇ ਕੇਜਰੀਵਾਲ ਨੇ ਇਹ ਕਹਿ ਕਿ ਇਸ ਬੁਝਾਰਤ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ ਕਿ ਸਿੱਧੂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਸਿੱਧੂ ਨੇ ਭਾਵੇਂ ਕੇਜਰੀਵਾਲ 'ਤੇ ਹਮਲਾ ਬੋਲਿਆ ਸੀ ਪਰ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਸਿੱਧੂ ਦੀ ਕਦਰ ਕਰਦੇ ਹਨ। ਹੁਣ ਅਸਲ ਕਹਾਣੀ ਕੀ ਹੈ, ਇਹ ਤਾਂ ਸਿੱਧੂ ਹੀ ਜਾਣਦੇ ਹਨ ਤੇ ਉਨ੍ਹਾਂ ਨੇ ਫਿਲਹਾਲ ਬੁੱਲਾਂ ਨੂੰ ਜੰਦਰਾ ਜੜਿਆ ਹੋਇਆ ਹੈ।