Punjab Election 2022: ਅੰਮ੍ਰਿਤਸਰ ਪੂਰਬੀ ਸੀਟ ਪੰਜਾਬ ਦੀ ਹਾਈ ਪ੍ਰੋਫਾਈਲ ਸੀਟ ਬਣ ਗਈ ਹੈ। ਇੱਥੋਂ ਸੂਬੇ ਦੇ ਦੋ ਦਿੱਗਜ ਲੀਡਰ ਆਹਮੋ-ਸਾਹਮਣੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਚੁਣੌਤੀ ਦੇਣ ਲਈ ਅਕਾਲੀ ਦਲ ਨੇ ਬਿਕਰਮ ਮਜੀਠੀਆ ਨੂੰ ਮੈਦਾਨ 'ਚ ਉਤਾਰਿਆ ਹੈ। ਹੁਣ ਜੋ ਵੀ ਇਸ ਸੀਟ ਨੂੰ ਜਿੱਤੇਗਾ, ਉਹ ਸਿਆਸਤ ਦਾ ਅਸਲ ਸਿਕੰਦਰ ਬਣੇਗਾ। ਦੋਵਾਂ ਦੀ ਨਿੱਜੀ ਰੰਜਿਸ਼ ਨੇ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ।

ਪੰਜਾਬ ਦੀ ਅੰਮ੍ਰਿਤਸਰ ਪੂਰਬੀ ਸੀਟ ਉਤੇ ਮਸਲਾ ਸਿਰਫ਼ ਚੋਣਾਂ ਦਾ ਨਹੀਂ ਸਗੋਂ ਨਿੱਜੀ ਦੁਸ਼ਮਣੀ ਦਾ ਵੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਜਦੋਂ ਅੰਮ੍ਰਿਤਸਰ ਪੂਰਬੀ ਤੋਂ ਨਾਮਜ਼ਦਗੀ ਭਰੀ ਤਾਂ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਸਭ ਤੋਂ ਪਹਿਲਾਂ ਨਿਸ਼ਾਨੇ 'ਤੇ ਸਨ। ਸਿੱਧੂ ਨੇ ਕਿਹਾ, ਕੀ ਤੁਸੀਂ ਇਸ ਇਕੱਲੀ ਸੀਟ ਤੋਂ ਚੋਣ ਲੜਨ ਦੀ ਹਿੰਮਤ ਰੱਖਦੇ ਹੋ।

ਮਜੀਠੀਆ ਨਾਲ ਸਿੱਧੂ ਦੀ ਦੁਸ਼ਮਣੀ ਪੁਰਾਣੀ
ਸਿੱਧੂ ਦੀ ਤਾਜ਼ਾ ਸ਼ਿਕਾਇਤ ਇਹ ਹੈ ਕਿ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਆਪਣੀ ਸੀਟ ਮਜੀਠਾ ਤੋਂ ਇਲਾਵਾ ਅੰਮ੍ਰਿਤਸਰ ਪੂਰਬੀ ਦੀ ਸੀਟ ਤੋਂ ਵੀ ਉਮੀਦਵਾਰ ਹਨ। ਬਿਕਰਮ ਮਜੀਠੀਆ ਦੇ ਨਿਸ਼ਾਨੇ 'ਤੇ ਸਿਰਫ਼ ਤੇ ਸਿਰਫ਼ ਸਿੱਧੂ ਹਨ। ਮਜੀਠੀਆ ਨੇ ਸਿੱਧੂ ਨੂੰ ਚੁਟਕਲਿਆਂ ਦਾ ਜੋਕਰ ਕਿਹਾ ਹੈ।

2012 ਵਿੱਚ ਨਵੀਂ ਸੀਟ ਬਣਨ ਤੋਂ ਬਾਅਦ ਇਸ ਸੀਟ ’ਤੇ ਸਿੱਧੂ ਪਰਿਵਾਰ ਦਾ ਕਬਜ਼ਾ ਹੈ। 2017 'ਚ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੇ ਤੇ 2012 'ਚ ਨਵਜੋਤ ਕੌਰ ਭਾਵ ਸਿੱਧੂ ਦੀ ਪਤਨੀ ਭਾਜਪਾ ਦੀ ਟਿਕਟ 'ਤੇ ਚੋਣ ਜਿੱਤੀ ਸੀ। ਹੁਣ ਇਸ ਸੀਟ 'ਤੇ ਮਜੀਠੀਆ ਟੱਕਰ ਦੇ ਰਹੇ ਹਨ। ਮਜੀਠੀਆ ਨਾਲ ਸਿੱਧੂ ਦੀ ਦੁਸ਼ਮਣੀ ਪੁਰਾਣੀ ਹੈ। ਸਿੱਧੂ ਖੁੱਲ੍ਹ ਕੇ ਬੋਲਦਾ ਹੈ ਕਿ ਮਜੀਠੀਆ ਨੇ ਉਨ੍ਹਾਂ ਦੇ ਮੰਤਰੀ ਬਣਨ ਦਾ ਰਾਹ ਰੋਕਿਆ ਸੀ।

ਮਜੀਠੀਆ ਨੇ ਸਿੱਧੂ ਦੇ ਪਾਕਿਸਤਾਨ ਕਨੈਕਸ਼ਨ ਦੇ ਇਲਜ਼ਾਮ ਲਾਏ
ਸਿੱਧੂ ਨੇ ਕਿਹਾ ਕਿ ਹਰਸਿਮਰਤ ਨੂੰ ਕੇਂਦਰੀ ਮੰਤਰੀ ਬਣਾਉਣ ਲਈ ਮੈਨੂੰ ਅੰਮ੍ਰਿਤਸਰ ਤੋਂ ਚੌਥੀ ਵਾਰ ਸਾਂਸਦ ਬਣਨ ਤੋਂ ਰੋਕਿਆ ਸੀ। ਇਹ ਸ਼ਹਿਰ ਗੁੰਡਾਗਰਦੀ ਨਹੀਂ ਚਾਹੁੰਦਾ, ਲੋਕਤੰਤਰ ਦਾ ਡੰਡਾ ਸਿਸਟਮ ਨਹੀਂ ਚਾਹੁੰਦਾ।" ਜਦਕਿ ਮਜੀਠੀਆ ਨੇ ਸਿੱਧੂ 'ਤੇ ਪਾਕਿਸਤਾਨ ਕਨੈਕਸ਼ਨ ਦੇ ਦੋਸ਼ ਲਾਏ।

ਇਹ ਵੀ ਅਹਿਮ ਹੈ ਕਿ ਹੁਣ ਤੱਕ ਨਾ ਤਾਂ ਸਿੱਧੂ ਚੋਣ ਹਾਰੇ ਹਨ ਤੇ ਨਾ ਹੀ ਮਾਝੇ ਦੇ ਜਰਨੈਲ ਵਜੋਂ ਮਸ਼ਹੂਰ ਮਜੀਠੀਆ ਕੋਈ ਚੋਣ ਹਾਰੇ ਹਨ। ਅਜਿਹੇ 'ਚ ਇਸ ਲੜਾਈ 'ਚ ਜਿੱਤਣ ਵਾਲੇ ਦਾ ਕੱਦ ਵਧੇਗਾ ਤੇ ਹਾਰਨ ਵਾਲੇ ਦਾ ਸਿਆਸੀ ਗਣਿਤ ਵਿਗੜ ਜਾਵੇਗਾ।

ਪਰ ਇਸ ਸੀਟ 'ਤੇ ਸਿੱਧੂ ਦਾ ਜ਼ਿਆਦਾ ਵੱਕਾਰ ਦਾਅ 'ਤੇ ਲੱਗਾ ਹੋਇਆ ਹੈ ਕਿਉਂਕਿ ਜੇਕਰ ਉਹ ਹਾਰ ਜਾਂਦੇ ਹਨ ਤਾਂ ਉਨ੍ਹਾਂ ਦੀ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰੀ ਖਤਮ ਹੋ ਜਾਵੇਗੀ। ਇਸ ਵਾਰ ਸਿੱਧੂ ਲਈ ਚੁਣੌਤੀ ਦੋਹਰੀ ਹੈ ਕਿਉਂਕਿ ਉਨ੍ਹਾਂ ਦੀ ਸੀਟ ਜਿੱਤਣ ਤੋਂ ਇਲਾਵਾ ਸੂਬੇ ਵਿੱਚ ਕਾਂਗਰਸ ਨੂੰ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਹੈ। ਅਜਿਹੇ 'ਚ ਮਜੀਠੀਆ ਦੇ ਮੈਦਾਨ 'ਚ ਉਤਰਨ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।