ਚੰਡੀਗੜ੍ਹ: ਪੰਜਾਬ ਦੇ ਪਟਿਆਲਾ ਜ਼ਿਲ੍ਹੇ 'ਚ ਕਬੱਡੀ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਦੇ ਕਤਲ ਮਾਮਲੇ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਕਤਲ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਰੋਜ਼ਾਨਾ ਹੋ ਰਹੀਆਂ ਹੱਤਿਆਵਾਂ ਨੂੰ ਦੇਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ CM ਭਗਵੰਤ ਮਾਨ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤੇ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣ ਦੀ ਗੱਲ ਵੀ ਆਖ ਦਿੱਤੀ ਹੈ।



ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਟਵੀਟ ਕਰਕੇ CM ਭਗਵੰਤ ਮਾਨ ਦੇ ਕੰਮਕਾਜ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਸਿੱਧੂ ਨੇ ਟਵੀਟ ਕਰਕੇ ਸੀਐਮ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ਹਿਮਾਚਲ ਦੀਆਂ ਠੰਢੀਆਂ ਹਵਾਵਾਂ ਵਿੱਚ ਵੋਟਾਂ ਮੰਗਣ ਵਿੱਚ ਰੁੱਝੇ ਹੋਏ ਹਨ ਤੇ ਪੰਜਾਬ ਵਿੱਚ ਰੋਜ਼ਾਨਾ 3-4 ਮੌਤਾਂ ਹੋ ਰਹੀਆਂ ਹਨ। ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਪਟਿਆਲਾ 'ਚ ਅੱਜ ਦੋ ਹੋਰ ਕਤਲ ਹੋਏ ਹਨ। ਰੋਜ਼ਾਨਾ ਔਸਤਨ 3-4 ਕਤਲ ਹੋ ਰਹੇ ਹਨ, ਆਪਣੀ ਡਿਊਟੀ ਨਿਭਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਅਸਤੀਫਾ ਦੇਵੋ।

ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ
ਜ਼ਿਕਰਯੋਗ ਹੈ ਕਿ ਇਹ ਘਟਨਾ ਉਸੇ ਰਾਤ ਵਾਪਰੀ ਹੈ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਗਿਆ ਸੀ। ਸੀਐਮ ਮਾਨ ਨੇ ਕਿਹਾ ਸੀ ਕਿ ਇਸ ਦੀ ਅਗਵਾਈ ਏਡੀਜੀਪੀ ਰੈਂਕ ਦੇ ਅਧਿਕਾਰੀ ਕਰਨਗੇ। ਉਨ੍ਹਾਂ ਕੋਲ ਵਿਸ਼ੇਸ਼ ਪੁਲਿਸ ਸਟੇਸ਼ਨ ਹੋਣਗੇ। ਇਸ ਦੇ ਨਾਲ ਹੀ ਇਹ ਪੂਰੇ ਸੂਬੇ ਵਿੱਚ ਕਿਤੇ ਵੀ ਕਾਰਵਾਈ ਕਰ ਸਕੇਗਾ। ਇਸ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਪੁਲਿਸ ਕਮਿਸ਼ਨਰ ਹਾਜ਼ਰ ਸਨ।

ਸਿੱਧੂ ਲਗਾਤਾਰ ਮ੍ਰਿਤਕਾਂ ਦੇ ਪਰਿਵਾਰ ਨੂੰ ਮਿਲ ਰਹੇ ਹਨ
ਦੂਜੇ ਪਾਸੇ ਨਵਜੋਤ ਸਿੱਧੂ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਕਾਫੀ ਸਰਗਰਮ ਹੋ ਗਏ ਹਨ ਤੇ ਲਗਾਤਾਰ ਸੀਐਮ ਮਾਨ ਨੂੰ ਤਾਹਨੇ ਮਾਰ ਰਹੇ ਹਨ। ਇੰਨਾ ਹੀ ਨਹੀਂ ਉਹ ਫੀਲਡ 'ਚ ਵੀ ਸਰਗਰਮ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਉਹ ਲੁਧਿਆਣਾ 'ਚ ਆਪਣੇ ਵਰਕਰ ਮੰਗਤ ਰਾਮ ਦੇ ਘਰ ਸੀ, ਜਦਕਿ ਮੰਗਲਵਾਰ ਨੂੰ ਉਹ ਗੁਰਦਾਸਪੁਰ ਦੇ ਰਹਿਣ ਵਾਲੇ ਮ੍ਰਿਤਕ ਸੁਖਰਾਜ ਦੇ ਘਰ ਪੁੱਜੇ ਸਨ।