ਅੰਮ੍ਰਿਤਸਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਅਨੁਸੂਚਿਤ ਜਾਤੀ ਭਾਈਚਾਰੇ ਅਤੇ ਹਿੰਦੂ ਭਾਈਚਾਰੇ ਦਾ ਅਪਮਾਨ ਕਰਨ ਵਾਲੇ ਵਿਹਾਰ ਦੇ ਕਾਰਨ ਦੋਵੇਂ ਭਾਈਚਾਰਿਆਂ ਦੇ ਆਗੂ ਵੱਡੀ ਗਿਣਤੀ ਵਿਚ ਕਾਂਗਰਸ ਨੂੰ ਛੱਡ ਰਹੇ ਹਨ। ਬਿਕਰਮ ਸਿੰਘ ਮਜੀਠੀਆ ਅੱਜ ਇਥੇ ਕਾਂਗਰਸ ਦੇ ਘੱਟ ਗਿਣਤੀ ਆਗੂ ਤੇ ਗੁਰਦਾਸਪੁਰ ਦੇ ਸਾਬਕਾ ਜ਼ਿਲਾ ਪ੍ਰਧਾਨ ਰੋਸ਼ਨ ਜੋਸਫ ਵੱਲੋਂ ਆਪਣੇ ਸਮਰਥਕਾਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਕਾਂਗਰਸ ਘੱਟ ਗਿਣਤੀ ਵਿੰਗ ਦੇ ਸਕੱਤਰ ਜੈਕਰਨ ਸਿੰਘ, ਸਾਬਕਾ ਕੌਂਸਲਰ ਸਤਿੰਦਰ ਸਿੰਘ ਵਿਰਦੀ ਤੇ ਗਗਨਦੀਪ ਸਿੰਘ ਆਨੰਦ, ਯੋਗੇਸ਼ ਕੁਮਾਰ, ਹਿਤੇਸ਼ ਮਲਹੋਤਰਾ, ਰਿਤੇਸ਼ ਅੰਸ਼ੂ ਪ੍ਰਿੰਸ, ਕਮਲਜੀਤ ਸਿੰਘ, ਗੁਰਪਾਲ ਸਿੰਘ, ਜਤਿੰਦਰ ਤੇ ਵਿਕਾਸ ਸਮੇਤ ਸਮੇਤ ਵੱਡੀ ਗਿਣਤੀ ਵਿਚ ਐਡਵੋਕੇਟ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।

 

ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਨਵਜੋਤ ਸਿੱਧੂ ਸਮਾਜ ਨੁੰ ਫਿਰਕੂ ਲੀਹਾਂ 'ਤੇ ਵੰਡਣਾ ਚਾਹੁੰਦੇ ਹਨ। ਉਸਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਨਫਰਤ ਤੇ ਵੈਰ ਭਾਵਨਾ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦਾ ਕੀਤਾ ਜਾਂਦਾ ਅਪਮਾਨ ਸਭ ਦੇ ਸਾਹਮਣੇ ਹੈ। ਉਹ ਇਹ ਗੱਲ ਬਰਦਾਸ਼ਤ ਨਹੀਂ ਕਰ ਪਾ ਰਹੇ ਕਿ ਐਸ ਸੀ ਭਾਈਚਾਰੇ ਦਾ ਇਕ ਆਗੂ ਮੁੱਖ ਮੰਤਰੀ ਬਣ ਗਿਆ ਹੈ। ਉਹਨਾਂ ਨੇ ਸੀਨੀਅਰ ਐਸ ਸੀ ਆਗੂ ਮਹਿੰਦਰ ਸਿੰਘ ਕੇ ਪੀ ਦਾ ਵੀ ਇਸੇ ਕਾਰਨ ਵਿਰੋਧ ਕੀਤਾ। ਉਹਨਾਂ ਕਿਹਾ ਕਿ ਹਿੰਦੂ ਭਾਈਚਾਰੇ ਵਿਚ ਇਸ ਕਰਕੇ ਰੋਸ ਹੈ ਕਿਉਂਕਿ ਸਿੱਧੂ ਨੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਅਪਮਾਨ ਕੀਤਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਲੋਕ ਵੱਡੀ ਗਿਣਤੀ ਵਿਚ ਉਸਦਾ ਸਾਥ ਛੱਡ ਰਹੇ ਹਨ ਭਾਵੇਂ ਕਿ ਉਹ ਹਤਾਸ਼ ਹੈ ਤੇ ਆਪਣੇ ਹਲਕੇ ਵਿਚ ਆਗੂਆਂ ਨੁੰ ਅਹੁਦੇ ਵੰਡ ਰਿਹਾ ਹੈ ਤਾਂ ਜੋ ਉਹ ਪਾਰਟੀ ਛੱਡ ਕੇ ਨਾ ਜਾਣ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸਿੱਧੂ ਨੇ ਆਪਣੀ ਹਾਰ ਸਾਹਮਣੇ ਵੇਖ ਲਈ ਹੈ ਤੇ ਉਹ ਬੌਖਲਾ ਗਿਆ ਹੈ।


ਸਿੱਧੂ ਦੇ ਅਧੀਨ ਅੰਮ੍ਰਿਤਸਰ ਪੂਰਬੀ ਦੇ ਵਿਕਾਸ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹਲਕੇ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ ਪਰ ਇਸਨੁੰ ਪੂਰੀ ਤਰਾਂ ਅਣਡਿੱਠ ਕੀਤਾ ਗਿਆ। ਜਿਸ ਹਲਕੇ ਦੀ ਸਿੱਧੂ ਜੋੜਾ 18 ਸਾਲਾਂ ਤੱਕ ਪ੍ਰਤੀਨਿਧਤਾ ਕਰਦਾ ਰਿਹਾ, ਉਸ ਹਲਕੇ ਵਿਚ ਮੰਡੀ ਨੁੰ ਅਣਗੌਲਿਆ ਕਰਨ ਦਾ ਹਾਲ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਸਿੱਧੂ ਨੇ ਇਹਨਾਂ ਸਾਲਾਂ ਦੌਰਾਨ ਨਾ ਸਿਰਫ ਹਲਕੇ ਦੇ ਲੋਕਾਂ ਨੁੰ ਅਣਡਿੱਠ ਕੀਤਾ ਬਲਕਿ ਉਹਨਾਂ ਨਾਲ ਬੁਰਾ ਸਲੂਕ ਵੀ ਕੀਤਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਮਦਦ ਮੰਗਣ ਲਈ ਤਰਲੇ ਕੱਢ ਰਿਹਾ ਹੈ।


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਗੈਰ ਕਾਨੂੰਨੀ ਮਾਇਨਿੰਗ ਰਾਹੀਂ ਸੂਬੇ ਦੇ ਸਰੋਤਾਂ ਦੀ ਲੁੱਟ ਕਰਨ ਵਿਚ ਉਹਨਾਂ ਦੀ ਭੂਮਿਕਾ ਲਈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਚੰਨੀ ਦੇ ਭਾਣਜੇ ਹਨੀ ਦੇ ਘਰੋਂ ਬਰਾਮਦ ਹੋਏ 11 ਕਰੋੜ ਰੁਪਏ ਮੁੱਖ ਮੰਤਰੀ ਦੇ ਪੈਸੇ ਹਨ। ਉਹਨਾਂ ਕਿਹਾ ਕਿ ਹਨੀ ਤਾਂ ਸਿਰਫ ਪੈਸੇ ਇਕੱਠ ਕਰਨ ਵਾਸਤੇ ਰੱਖਿਆ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਮਾਮਲੇ ਵਿਚ ਚੰਨੀ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।


ਇਸ ਮੌਕੇ ਰੋਸ਼ਨ ਜੋਸਫ ਨੇ ਕਿਹਾ ਕਿ ਕਾਗਰਸ ਪਾਰਟੀ ਨੇ ਰਾਹੁਲ ਗਾਂਧੀ ਦੇ ਹਾਲ ਹੀ ਵਿਚ ਪੰਜਾਬ ਦੌਰੇ ਵੇਲੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀ। ਉਹਨਾਂ ਕਿਹਾ ਕਿ ਭਾਵੇਂ ਇਹ ਨਵਜੋਤ ਸਿੱਧੂ ਦੀ ਜ਼ਿੰਮੇਵਾਰੀ ਸੀ ਕਿ ਉਹ ਯਕੀਨੀ ਬਣਾਉਂਦੇ ਕਿ ਇਸ ਦੌਰੇ ਦੌਰਾਨ ਇਸਾਈ ਭਾਈਚਾਰੇ ਨੂੰ ਪੁਰਾ ਮਾਣ ਸਤਿਕਾਰ ਮਿਲੇ ਪਰ ਉਹਨਾਂ ਨੇ ਤਾਂ ਸੜਕ ਦੇ ਕੰਢੇ ਉਡੀਕ ਕਰ ਰਹੇ ਇਸਾਈ ਪਾਦਰੀਆਂ ਨੂੰ ਮਿਲਣ ਲਈ ਰਾਹੁਲ ਗਾਂਧੀ ਨੁੰ ਰੋਕਣ ਦੀ ਲੋੜ ਵੀ ਨਾ ਸਮਝੀ।ਇਸ ਮੌਕੇ ਸੀਨੀਅਰ ਆਗੂ ਲਖਬੀਰ ਸਿੰਘ ਲੋਧੀਨੰਗਲ ਤੇ ਗੁਰਪ੍ਰਤਾਪ ਸਿੰਘ ਟਿੱਕਾ ਵੀ ਹਾਜ਼ਰ ਸਨ।


ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ 2022: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 319.29 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ : ਚੋਣ ਅਧਿਕਾਰੀ ਪੰਜਾਬ" href="https://punjabi.abplive.com/topic/punjab-election" >ਪੰਜਾਬ ਵਿਧਾਨ ਸਭਾ ਚੋਣਾਂ 2022: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 319.29 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ : ਚੋਣ ਅਧਿਕਾਰੀ ਪੰਜਾਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490