Punjab Congress: ਲੋਕ ਸਭਾ 2024 ਦੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪਹਿਲੀ ਸੂਚੀ ਵਿੱਚ ਅਜੇ ਮਿਸ਼ਰਾ ਟੈਨੀ ਨੂੰ ਲਖੀਮਪੁਰ ਖੀਰੀ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਬਾਅਦ ਪੰਜਾਬ-ਹਰਿਆਣਾ ਬਾਰਡਰ 'ਤੇ ਬੈਠੇ ਕਿਸਾਨ ਗੁੱਸੇ 'ਚ ਆ ਗਏ ਹਨ। ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਸਬੰਧੀ ਕੇਂਦਰ ਸਰਕਾਰ 'ਤੇ ਆਪਣਾ ਗੁੱਸਾ ਕੱਢਿਆ ਹੈ। ਉਨ੍ਹਾਂ ਕੇਂਦਰ ਨੂੰ ਕਿਸਾਨਾਂ ਪ੍ਰਤੀ ਅਸੰਵੇਦਨਸ਼ੀਲ ਦੱਸਿਆ।






ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਟਵੀਟ ਕਰਦਿਆਂ ਕਿਹਾ, ਲਖੀਮਪੁਰ ਖੀਰੀ ਕਾਂਡ ਨੂੰ ਅੰਜਾਮ ਦੇਣ ਵਾਲੇ ਅਜੇ ਮਿਸ਼ਰਾ ਟੇਨੀ ਨੂੰ ਲੋਕ ਸਭਾ ਦੀ ਉਮੀਦਵਾਰੀ ਦੇਣ ਦਾ ਫ਼ੈਸਲਾ ਸਾਡੇ ਕਿਸਾਨਾਂ ਦੇ ਭਰੇ ਜ਼ਖਮਾਂ ਉੱਪਰ ਲੂਣ ਪਾਉਣ ਦੇ ਨਾਲ ਨਾਲ ਉਨ੍ਹਾਂ ਨਾਲ ਵੱਡਾ ਵਿਸ਼ਵਾਸਘਾਤ ਹੈ। ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਬਰਕਰਾਰ ਰੱਖਣ ਵਾਲੇ ਸਾਡੇ “ਅੰਨਦਾਤਾ” ਪ੍ਰਤੀ ਸਰਕਾਰ ਦੀ ਬੇਰਹਿਮੀ ਨਾਲ ਅਸੰਵੇਦਨਸ਼ੀਲਤਾ ਭਾਰਤ ਦੀ 50 ਪ੍ਰਤੀਸ਼ਤ ਆਬਾਦੀ ਨੂੰ ਆਪਣੀ ਪਿੱਠ ਦਿਖਾ ਰਹੀ ਹੈ। 
ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ, ਉਨ੍ਹਾਂ ਦੇ ਹੱਕਾਂ, ਉਨ੍ਹਾਂ ਦੇ ਮਾਣ-ਸਨਮਾਨ ਅਤੇ ਉਨ੍ਹਾਂ ਦੀ ਹੋਂਦ ਲਈ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ  ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲ ਜਾਂਦਾ……. "ਨਿਆਂ ਵਿਚ ਦੇਰੀ ਨਿਆਂ ਤੋਂ ਇਨਕਾਰ ਹੈ"। 


ਜਾਣੋ ਕੌਣ ਹੈ ਅਜੇ ਮਿਸ਼ਰਾ ਟੈਨੀ


ਅਜੈ ਮਿਸ਼ਰਾ ਟੈਨੀ ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੇ ਪਿਤਾ ਹਨ। ਕਿਸਾਨ ਅੰਦੋਲਨ ਦੌਰਾਨ 3 ਅਕਤੂਬਰ 2021 ਨੂੰ ਆਸ਼ੀਸ਼ ਮਿਸ਼ਰਾ ਨੇ ਆਪਣੀ ਕਾਰ ਨਾਲ 4 ਕਿਸਾਨਾਂ ਨੂੰ ਕੁਚਲ ਦਿੱਤਾ ਸੀ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਗੁੱਸੇ 'ਚ ਆਏ ਕਿਸਾਨਾਂ ਨੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ। ਨਾਲ ਹੀ 4 ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਸ ਵਿੱਚ ਇੱਕ ਨਿਊਜ਼ ਚੈਨਲ ਦੇ ਰਿਪੋਰਟਰ ਰਮਨ ਕਸ਼ਯਪ ਦੀ ਵੀ ਮੌਤ ਹੋ ਗਈ ਸੀ। ਆਸ਼ੀਸ਼ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਅਜੈ ਮਿਸ਼ਰਾ ਟੈਨੀ ਨੂੰ ਵੀ ਨਾਮਜ਼ਦ ਕੀਤਾ ਸੀ। ਉਸ 'ਤੇ ਧਾਰਾ 120-ਬੀ ਲਗਾਈ ਗਈ ਸੀ। ਹੁਣ ਜਦੋਂ ਕਿਸਾਨ ਅੰਦੋਲਨ ਫਿਰ ਤੋਂ ਸਿਖਰਾਂ 'ਤੇ ਹੈ ਤਾਂ ਭਾਜਪਾ ਦੀ ਸੂਚੀ 'ਚ ਅਜੈ ਟੈਨੀ ਨੂੰ ਵੀ ਟਿਕਟ ਦਿੱਤੀ ਗਈ ਹੈ ਅਤੇ ਉਹ ਵੀ ਲਖੀਮਪੁਰ ਖੀਰੀ ਤੋਂ।