ਮਹਿਤਾਬ-ਉਦ-ਦੀਨ



ਨਵੀਂ ਦਿੱਲੀ: ਪਿਛਲੇ ਕਾਫ਼ੀ ਸਮੇਂ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ 'ਪ੍ਰਿਅੰਕਾ-ਰਾਹੁਲ' ਦੀ ਬੂਸਟਰ ਡੋਜ਼ ਮਿਲੀ ਹੈ। ਬਾਗੀ ਲੀਡਰ ਕਾਂਗਰਸ ਦੇ ਜਨਰਲ ਸਕੱਤਰਾਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਮਿਲ ਕੇ ਖੁਸ਼ ਨਜ਼ਰ ਆ ਰਹੀ ਹੈ। ਚਰਚਾ ਹੈ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਫਿਰ ਉੱਪ ਮੁੱਖ ਮੰਤਰੀ ਨਿਯੁਕਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਬੇਸ਼ੱਕ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਇਸ ਬਾਰੇ ਰਾਹੁਲ ਗਾਂਧੀ ਜਲਦ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਐਲਾਨ ਕਰ ਸਕਦੇ ਹਨ।

ਸੂਤਰਾਂ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਤੇ ਗੁੱਟਬਾਜ਼ੀ ਦੇ ਨਾਲ–ਨਾਲ ਨਾਰਾਜ਼ਗੀ ਖ਼ਤਮ ਕਰਨ ਲਈ ਇਹ ਫ਼ਾਰਮੂਲਾ ਲਾਗੂ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਨਵਜੋਤ ਸਿੱਧੂ ਨੂੰ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਦਾ ਵਿਚਾਰ ਅਸਲ ਵਿੱਚ ਪ੍ਰਿਅੰਕਾ ਗਾਂਧੀ ਵਾਡਰਾ ਦਾ ਹੈ ਤੇ ਹਾਲੇ ਇਸ ਪ੍ਰਸਤਾਵ ਨੂੰ ਰਾਹੁਲ ਗਾਂਧੀ ਦੀ ਪ੍ਰਵਾਨਗੀ ਮਿਲਣੀ ਬਾਕੀ ਹੈ। ਜੇ ਇਹ ਫ਼ਾਰਮੂਲਾ ਲਾਗੂ ਹੁੰਦਾ ਹੈ, ਤਾਂ ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਂਪ ਲਈ ਕੋਈ ਬਹੁਤੀ ਵਧੀਆ ਖ਼ਬਰ ਨਹੀਂ ਕਿਉਂਕਿ ਇਹ ਤਾਕਤਵਰ ਧੜਾ ਨਵਜੋਤ ਸਿੱਧੂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਸ਼ੁਰੂ ਤੋਂ ਹੀ ਵਿਰੋਧ ਕਰਦਾ ਆ ਰਿਹਾ ਹੈ।

 

ਜੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਹਨ, ਤਾਂ ਇਸ ਤੱਥ ਉੱਤੇ ਵੀ ਮੋਹਰ ਲੱਗ ਜਾਵੇਗੀ ਕਿ ਕਾਂਗਰਸ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਦੀ ਕੰਮ ਕਰਨ ਦੀ ਸ਼ੈਲੀ ਤੋਂ ਕੋਈ ਬਹੁਤੀ ਖ਼ੁਸ਼ ਨਹੀਂ ਹੈ। ਉਂਝ ਪਾਰਟੀ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਅਮਰਿੰਦਰ ਸਿੰਘ ਵਜ਼ਾਰਤ ਵਿੱਚ ਵੀ ਛੇਤੀ ਹੀ ਕੋਈ ਵੱਡਾ ਫੇਰ-ਬਦਲ ਹੋਣ ਦੀ ਸੰਭਾਵਨਾ ਹੈ। ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਰਾਹੁਲ ਗਾਂਧੀ ਨੇ ਬੀਤੇ ਦਿਨੀਂ ਦਿੱਲੀ ’ਚ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਰ ਪ੍ਰਿਅੰਕਾ ਗਾਂਧੀ ਦੇ ਦਖ਼ਲ ਤੋਂ ਬਾਅਦ ਰਾਹੁਲ-ਸਿੱਧੂ ਮੀਟਿੰਗ ਬੁੱਧਵਾਰ ਨੂੰ ਸੰਭਵ ਹੋਈ ਸੀ।

 

ਕਾਂਗਰਸ ਪਾਰਟੀ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਆਖਿਆ ਕਿ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਇੱਕ ਵਧੀਆ ਸੰਕੇਤ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਮੁਲਾਕਾਤ ਦੌਰਾਨ ਪ੍ਰਿਅੰਕਾ ਗਾਂਧੀ ਨੇ ਅਜਿਹੇ ਕੁਝ ਕਾਂਗਰਸੀ ਆਗੂਆਂ ਦੇ ਨਾਂ ਵੀ ਸੁਝਾਏ, ਜਿਹੜੇ ਪਾਰਟੀ ਵਿੱਚ ਮੁਕੰਮਲ ਸ਼ਾਂਤੀ ਕਾਇਮ ਕਰ ਸਕਦੇ ਹਨ।

 

ਇਹ ਵੀ ਇੱਕ ਤੱਥ ਹੈ ਪੰਜਾਬ ਕਾਂਗਰਸ ਦੇ ਸੰਕਟ ਵਿੱਚ ਗਾਂਧੀ ਪਰਿਵਾਰ ਦਖ਼ਲ ਦੇਵੇ ਕਿ ਨਾ ਇਸ ਮਾਮਲੇ ਨੂੰ ਲੈ ਕੇ ਵੀ ਦੋ ਰਾਇ ਹਨ। ਕੁਝ ਆਗੂ ਅਜਿਹਾ ਚਾਹੁੰਦੇ ਹਨ, ਜਦ ਕਿ ਕੁਝ ਨਹੀਂ। ਪੰਜਾਬ ਦੇ ਬਹੁਤੇ ਕਾਂਗਰਸੀ ਆਗੂ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ’ਚ ਹਾਲੇ ਕੋਈ ਵੱਡਾ ਅਹੁਦਾ ਮਿਲੇ। ਉਨ੍ਹਾਂ ਦੀ ਦਲੀਲ ਹੈ ਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਇਸ ਦਾ ਖ਼ਮਿਆਜ਼ਾ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ।

 

ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਤਿੰਨ ਘੰਟਿਆ ਤੱਕ ਪ੍ਰਿਅੰਕਾ ਗਾਂਧੀ ਨਾਲ ਗੱਲਬਾਤ ਕੀਤੀ। ਫਿਰ ਪ੍ਰਿਅੰਕਾ ਗਾਂਧੀ ਨੇ ਆਪਣੀ ਮਾਂ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ ਨਾਲ ਲੰਮੇਰੀ ਮੀਟਿੰਗ ਕੀਤੀ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਰਾਹੁਲ ਗਾਂਧੀ ਦੀ ਮੁਲਾਕਾਤ ਸੰਭਵ ਹੋ ਸਕੀ ਸੀ। ਪੰਜਾਬ ਕਾਂਗਰਸ ਦੀ ਅੰਦਰੂਨੀ ਪਾਟੋਧਾੜ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈ ਕਮਾਂਡ ਨੇ ਜਿਹੜਾ ਤਿੰਨ ਮੈਂਬਰੀ ਪੈਨਲ ਕਾਇਮ ਕੀਤਾ ਸੀ; ਉਸ ਨੇ ਵੀ ਇਹ ਆਖਿਆ ਸੀ ਨਵਜੋਤ ਸਿੱਧੂ ਸਾਡੇ ਸਭ ਤੋਂ ਉੱਤੇ ਹਨ ਕਿਉਂਕਿ ਉਹ ਗਾਂਧੀ ਪਰਿਵਾਰ ਨੂੰ ਸਿੱਧੇ ਮਿਲ ਸਕਦੇ ਹਨ।

 

ਗਾਂਧੀ ਪਰਿਵਾਰ ਅਸਲ ’ਚ ਨਵਜੋਤ ਸਿੱਧੂ ਨੂੰ ‘ਸਟਾਰ ਪ੍ਰਚਾਰਕ’ ਮੰਨਦਾ ਹੈ ਤੇ ਅਗਲੇ ਸਾਲ ਚੋਣਾਂ ਵੇਲੇ ਅਜਿਹੇ ਲੀਡਰਾਂ ਦੀ ਜ਼ਿਆਦਾ ਲੋੜ ਹੈ। ਕਾਂਗਰਸ ਪਾਰਟੀ ’ਚ ਲੋਕਾਂ ਨੂੰ ਆਪਣੇ ਭਾਸ਼ਣਾਂ ਨਾਲ ਕੀਲਣ ਵਾਲੇ ਆਗੂਆਂ ਦੀ ਘਾਟ ਹੁਣ ਵਧੇਰੇ ਰੜਕਣ ਲੱਗ ਪਈ ਹੈ ਪਰ ਨਵਜੋਤ ਸਿੱਧੂ ਉਹ ਘਾਟ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ ਨਵਜੋਤ ਸਿੰਘ ਸਿੱਧੂ ਸਿੱਧੇ ਤੌਰ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਿਸ਼ਾਨੇ ’ਤੇ ਲੈਂਦੇ ਰਹੇ ਹਨ।