ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਟਾਰੀ ਦੇ ਬਹਾਦਰ ਵਿਦਿਆਰਥੀ ਕਰਨਬੀਰ ਸਿੰਘ ਨੂੰ ਜੇਬ ਵਿੱਚੋਂ ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ। ਕਰਨਬੀਰ ਨੇ 2016 ਵਿੱਚ ਅਟਾਰੀ ਦੇ ਸਰਹੱਦੀ ਪਿੰਡ ਮੁਹਾਵਾ ਵਿੱਚ ਡਿਫੈਂਸ ਡ੍ਰੇਨ ਵਿੱਚ ਡਿੱਗੀ ਸਕੂਲ ਬੱਸ ਵਿੱਚੋਂ 15 ਸਕੂਲੀ ਬੱਚਿਆਂ ਦੀ ਜਾਨ ਬਚਾਈ ਸੀ। ਸਿੱਧੂ ਅੱਜ ਕਰਨਬੀਰ ਦੇ ਘਰ ਗਏ ਤੇ ਮੌਕੇ 'ਤੇ ਆਪਣੀ ਚੈੱਕਬੁੱਕ ਵਿੱਚੋਂ ਇੱਕ ਲੱਖ ਦਾ ਚੈੱਕ ਕੱਟ ਕੇ ਉਸ ਨੂੰ ਦਿੱਤਾ। ਸਿੱਧੂ ਵੱਲ਼ੋਂ ਕਰਨਬੀਰ ਨੂੰ ਆਪਣੀ ਜੇਬ ਵਿੱਚੋਂ ਇੱਕ ਲੱਖ ਰੁਪਏ ਇਨਾਮ ਵਜੋਂ ਦੇਣ ਤੋਂ ਇਲਾਵਾ ਸਰਹੱਦੀ ਪਿੰਡਾਂ ਨੂੰ ਜਾਂਦੇ ਦੋ ਖਸਤਾ ਹਾਲਤ ਪੁਲਾਂ ਦੀ ਮੁਰੰਮਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸਿੱਧੂ ਨੇ ਕਿਹਾ ਕਿ ਬਹਾਦਰੀ ਨੂੰ ਸਲਾਮ ਕਰਦੇ ਹਨ ਤੇ ਅਜਿਹੇ ਬੱਚਿਆਂ ਨੂੰ ਸਨਮਾਨਤ ਕਰਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੀ ਬਹਾਦਰ ਵਿਦਿਆਰਥੀ ਹੋਰਨਾਂ ਬੱਚਿਆਂ ਲਈ ਪ੍ਰੇਰਣਾ ਦਾ ਜ਼ਰੀਏ ਬਣਦੇ ਹਨ। ਸਿੱਧੂ ਨੇ ਜਦੋਂ ਕਰਨਬੀਰ ਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਨੂੰ ਆਉਣ-ਜਾਣ ਵਾਲਾ ਪੁਲ ਹਾਲੇ ਵੀ ਖਸਤਾਹਾਲ ਹੈ। ਸਿੱਧੂ ਨੇ ਕਿਹਾ ਕਿ ਉਹ ਪੁਲ ਲਈ ਸਰਕਾਰ ਵੱਲੋਂ ਪੰਜ ਲੱਖ ਰੁਪਏ ਦਾ ਫੰਡ ਜਾਰੀ ਕਰ ਦੇਣਗੇ। ਜ਼ਿਕਰਯੋਗ ਹੈ ਕਿ ਕਰਨਬੀਰ ਨੂੰ ਇਸ ਬਹਾਦਰੀ ਲਈ ਕੌਮੀ ਬਹਾਦਰੀ ਪੁਰਸਕਾਰ ਮਿਲਿਆ ਹੈ। ਪੁਰਸਕਾਰ ਲੈਣ ਮੌਕੇ ਵੀ ਕਰਨ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਸੀ ਕਿ ਸਰਹੱਦੀ ਇਲਾਕੇ ਵਿੱਚ ਪੈਂਦੇ ਪੁਲਾਂ ਨੂੰ ਜਲਦ ਸਹੀ ਕਰਵਾਇਆ ਜਾਵੇ।