ਚੰਡੀਗੜ੍ਹ: "ਸਭ ਮੀਡੀਆ ਦੀਆਂ ਕਿਆਸ ਅਰਾਈਆਂ ਹਨ। ਨਵਜੋਤ ਸਿੱਧੂ ਕੈਬਨਿਟ 'ਚ ਪੂਰਾ ਖੁਸ਼ ਸਨ ਤੇ ਉਨ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ।" ਇਹ ਗੱਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਕਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕੈਬਨਿਟ ਦਾ ਖ਼ੁਸ਼ਨੁਮਾ ਮਾਹੌਲ 'ਚ ਹਿੱਸਾ ਬਣੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੱਧੂ ਨੇ ਮੀਡੀਆ 'ਚ ਬਿਆਨ ਦੇ ਕੇ ਅਨੁਸ਼ਾਸ਼ਨ ਭੰਗ ਕੀਤਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਸਿੱਧੂ ਨੂੰ ਜਦੋਂ ਅੱਜ ਸਵੇਰੇ ਪ੍ਰੈੱਸ ਕਾਨਫਰੰਸ ਦੌਰਾਨ ਪੁੱਛਿਆ ਗਿਆ ਕਿ ਤੁਸੀਂ ਕੈਬਨਿਟ ਮੀਟਿੰਗ 'ਚ ਜਾਓਗੇ ? ਤਾਂ ਪਹਿਲਾਂ ਸਿੱਧੂ ਨੇ ਕਿਹਾ ਸੀ 'ਟਾਈਮ ਦੱਸੂਗਾ'। ਬਾਅਦ 'ਚ ਇੱਕ ਪੱਤਰਕਾਰ ਨੂੰ ਕਿਹਾ ਸੀ ਕਿ ਮੈਂ ਮੀਟਿੰਗ 'ਚ ਜਾਵਾਂਗਾ ਤੇ ਸਿੱਧੂ ਮੀਟਿੰਗ 'ਚ ਪੁੱਜੇ। ਇਸ ਦੇ ਬਾਵਜੂਦ ਸਿੱਧੂ ਨੇ ਅੱਜ ਫੇਰ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ 'ਚ ਬੁਲਾਇਆ ਨਹੀਂ ਗਿਆ। ਉਨ੍ਹਾਂ ਨੂੰ ਇਹ ਬੇਹੱਦ ਮਹਿਸੂਸ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਫੈਸਲੇ ਬਾਰੇ ਨਾ ਮੇਰੇ ਕੋਲੋਂ ਪੁੱਛਿਆ ਗਿਆ ਹੈ ਤੇ ਨਾ ਹੀ ਮੇਰੀ ਕੋਈ ਰਾਏ ਲਈ ਗਈ ਹੈ। ਸਿੱਧੂ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਤੋਂ ਨਾਰਾਜ਼ ਹਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਰਕਾਰ ਨੇ ਇਸ ਬਾਰੇ ਉਨ੍ਹਾਂ ਤੋਂ ਕੋਈ ਰਾਏ ਨਹੀਂ ਲਈ। ਉਨ੍ਹਾਂ ਕਿਹਾ ਸੀ ਕਿ ਉਹ ਬਿਨਾ ਬੁਲਾਏ ਸ਼੍ਰੀ ਦਰਬਾਰ ਸਾਹਿਬ ਜਾਂ ਧਾਰਮਿਕ ਸਥਾਨਾਂ 'ਤੇ ਹੀ ਜਾਂਦੇ ਹਨ। ਹੋਰ ਕਿਸੇ ਥਾਂ ਉਹ ਬਿਨਾ ਬੁਲਾਏ ਨਹੀਂ ਜਾਂਦੇ।