ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ 'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਸੀਐਮ ਫੇਸ ਬਾਰੇ ਪਾਰਟੀ ਹਾਈਕਮਾਂਡ ਦਾ ਜੋ ਵੀ ਫੈਸਲਾ ਹੋਵੇਗਾ, ਮਨਜੂਰ ਹੋਵੇਗਾ। ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੱਧੂ ਨੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਕਿਹਾ ਕਿ ਮਜੀਠੀਆ ਨੂੰ ਇਸ ਲਈ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤਾਂ ਜੋ ਸਿੱਧੂ ਨੂੰ ਉਲਝਾਇਆ ਜਾ ਸਕੇ ਪਰ ਸਿੱਧੂ ਉਲਝਿਆ ਨਹੀਂ।



ਉਨ੍ਹਾਂ ਕਿਹਾ ਕਿ ਸਾਰੇ ਚੋਰ ਡਾਕੂ ਇਕੱਠੇ ਹੋਏ ਹਨ ਤੇ ਸ਼ਹਿਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਿੱਧੂ ਤੋਂ ਡਰ ਖਾਂਦੇ ਹਨ। ਸਿੱਧੂ ਨੇ ਸਭ ਕੁਝ ਸਹਿਆ ਹੈ ਤੇ ਸ਼ਹਿਰ ਲਈ ਸਭ ਕੁਝ ਦਾਅ 'ਤੇ ਲਾਇਆ। ਉਨ੍ਹਾਂ ਕਿਹਾ ਕਿ ਮਜੀਠੀਆ ਤਸਕਰਾਂ ਦੇ ਫੈਸਲੇ ਕਰਵਾਉਂਦਾ ਸੀ ਤੇ ਉਹ ਵਿਅਕਤੀ ਹਨ, ਜਿਨ੍ਹਾਂ ਨੇ ਇੱਕ ਪੀੜੀ ਖਤਮ ਕਰ ਦਿੱਤੀ। ਸਿੱਧੂ ਨੇ ਕਿਹਾ ਪਿਛਲੇ ਪੰਜ ਸਾਲ ਮਾਫੀਆ ਇਸ ਕਰਕੇ ਖਤਮ ਨਹੀਂ ਹੋਇਆ ਕਿਉਂਕਿ ਕੈਪਟਨ ਖੁਦ ਮਾਫੀਆ ਸੀ ਤੇ ਹਿੱਸੇਦਾਰੀ ਲੈਂਦੇ ਰਹੇ। ਇਸੇ ਕਰਕੇ ਕੈਪਟਨ ਨੂੰ ਉਤਾਰਿਆ।

ਉਨ੍ਹਾਂ ਕਿਹਾ ਕਿ ਸਿੱਧੂ ਦੀ 17 ਸਾਲ ਦੀ ਰਾਜਨੀਤੀ 'ਤੇ ਕੋਈ ਉਂਗਲ ਨਹੀਂ ਚੁੱਕ ਸਕਦਾ। ਉਨ੍ਹਾਂ ਕਿਹਾ ਪਹਿਲਾਂ 60 ਵਿਧਾਇਕਾਂ ਨੂੰ ਚੁਣਨਾ ਚਾਹੀਦਾ ਤੇ ਫਿਰ ਸੀਐਮ ਦੀ ਗੱਲ ਕਰੋ ਤੇ ਝੂਠ ਬੋਲ ਕੇ ਸਰਕਾਰ ਬਣਾਉਣੀ ਹੈ ਤੇ ਫਿਰ ਸਿੱਧੂ ਨਹੀਂ। ਸਿੱਧੂ ਨੇ ਕਿਹਾ ਕਾਂਗਰਸ ਹਾਈਕਮਾਂਡ ਬੇਹੱਦ ਸਿਆਣੀ ਹੈ ਤੇ ਜੋ ਫੈਸਲਾ ਹਾਈਕਮਾਂਡ ਕਰੇਗੀ, ਮੈਨੂੰ ਮਨਜੂਰ ਹੋਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਇਮਾਨਦਾਰ ਵਿਅਕਤੀ ਨੂੰ ਸੀਐਮ ਬਣਾਉਣਗੇ ਤਾਂ ਇਮਾਨਦਾਰੀ ਹੇਠਾਂ ਤਕ ਆਵੇਗੀ। ਜੇ ਮਾਫੀਆ ਦਾ ਸਰਗਨਾ ਬਣ ਗਿਆ ਤਾਂ ਲੋਕ ਠੋਕ ਦੇਣਗੇ। ਸਿੱਧੂ ਨੇ ਚੰਨੀ ਦੇ ਭਾਣਜੇ ਦੀ ਗ੍ਰਿਫਤਾਰੀ ਤੇ ਕਿਹਾ ਕਿ ਜਿਨਾਂ ਚਿਰ ਤਕ ਕੋਈ ਦੋਸ਼ੀ ਕਰਾਰ ਨਹੀਂ ਦਿੱਤਾ ਜਾਂਦਾ, ਓਨਾ ਚਿਰ ਉਸ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ।