ਚੰਡੀਗੜ੍ਹ: ਕਾਂਗਰਸ ਹਾਈ ਕਮਾਂਡ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਰੇਤ, ਸ਼ਰਾਬ ਅਤੇ ਕੇਬਲ ਮਾਫੀਆ ਵਧਦਾ ਰਿਹਾ ਤਾਂ ਉਹ ਪਾਰਟੀ ਨੂੰ ਸੱਤਾ 'ਚ ਲਿਆਉਣ ਦੀ ਜ਼ਿੰਮੇਵਾਰੀ ਨਹੀਂ ਲੈਣਗੇ।


ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਪੱਸ਼ਟ ਨਾ ਕੀਤੇ ਜਾਣ ਦੇ ਸੰਦਰਭ ਵਿੱਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਸਿੱਧੇ ਢੰਗ ਨਾਲ ਕਿਹਾ ਕਿ "ਪਾਰਟੀ ਨੇਤਾਵਾਂ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਪ੍ਰਤੀ ਵਚਨਬੱਧਤਾ ਨਿਰਵਿਵਾਦ ਹੈ। ਪਰ ਮੈਂ ਪੰਜਾਬ ਨੂੰ ਧੋਖਾ ਨਹੀਂ ਦੇ ਸਕਦਾ। ਇਹ ਵਚਨਬੱਧਤਾ ਪੰਜਾਬ ਦੀ ਬਿਹਤਰੀ ਦੇ ਅਧੀਨ ਸੀ, ਨਾ ਕਿ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ।"


ਸਿੱਧੂ ਨੇ ਕਿਹਾ, "ਜੇ ਕੋਈ ਕਹੇ ਕਿ ਮੈਂ ਜ਼ਿੰਮੇਵਾਰੀ ਨਿਭਾਵਾਂ ਅਤੇ ਸਰਕਾਰ ਬਣਾਵਾਂ, ਪਰ ਉਸ ਤੋਂ ਬਾਅਦ ਰੇਤ, ਸ਼ਰਾਬ ਅਤੇ ਕੇਬਲ ਮਾਫੀਆ ਵਧਦੇ ਰਹੇ, ਸਿੱਧੂ ਇਸ ਸਭ ਦਾ ਗਵਾਹ ਬਣਨ ਦੀ ਬਜਾਏ ਮਰ ਜਾਵੇਗਾ।"


ਐਨਜੀਓ ‘ਬੋਲਦਾ ਪੰਜਾਬ’ ਵੱਲੋਂ ਆਯੋਜਿਤ ਇੱਕ ਜਨਤਕ ਗੱਲਬਾਤ ਸਮਾਗਮ ਦੌਰਾਨ ਨਵਜੋਤ ਸਿੱਧੂ ਸਵਾਲਾਂ ਦਾ ਜਵਾਬ ਦੇ ਰਹੇ ਸੀ।



ਉਸਨੇ ਅਗੇ ਕਿਹਾ ਕਿ, "ਮੇਰੇ 'ਚ ਨਾਂਹ ਕਹਿਣ ਦੀ ਹਿੰਮਤ ਹੈ।ਰਾਜ ਸਭਾ ਹੋਵੇ ਜਾਂ ਲੋਕ ਸਭਾ ਜਾਂ ਮੰਤਰੀ ਦਾ ਅਹੁਦਾ ਮੈਂਨੂ ਲੁਬਾਉਣ ਲਈ ਬਹੁਤ ਕੁਝ ਹੈ।ਮੈਂ ਪੰਜਾਬ ਦੀ ਬਿਹਤਰੀ ਲਈ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ।”


ਉਸਨੇ ਕਿਹਾ,  “ਮੇਰੇ ਕੋਲ ਸੂਬੇ ਦੀ ਬਿਹਤਰੀ ਲਈ ‘ਪੰਜਾਬ ਮਾਡਲ’ ਹੈ। ਅਸੀਂ ਲੋਕਤੰਤਰੀ ਪਾਰਟੀ ਹਾਂ... ਇਸ ਵਾਰ ਇਹ 5,000 ਵਾਅਦੇ ਨਹੀਂ ਹੋਣਗੇ।"