ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਨਜ਼ਰੀਆ ਬਦਲਿਆ ਹੋਇਆ ਦਿਖਾਈ ਦਿੱਤਾ। ਉਨ੍ਹਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੋਟੇ ਭਰਾ ਤੇ ਇਮਾਨਦਾਰ ਬੰਦਾ ਕਰਾਰ ਦਿੰਦਿਆਂ ਪ੍ਰਸ਼ੰਸਾ ਕੀਤੀ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੂਬਾ ਕਾਂਗਰਸ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ, ‘ਉਹ (ਮਾਨ) ਇਮਾਨਦਾਰ ਵਿਅਕਤੀ ਹੈ।
ਉਨ੍ਹਾਂ ਕਿਹਾ ਕਿ ਉਹ ਜੇ ਭਗਵੰਤ ਮਾਨ ਮਾਫੀਆ ਖ਼ਿਲਾਫ਼ ਲੜਦੇ ਹਨ ਤਾਂ ਉਹ ਉਨ੍ਹਾਂ ਦਾ ਸਮਰਥਨ ਕਰਨਗੇ। ਅਹਿਮ ਗੱਲ ਹੈ ਕਿ ਅਜੇ ਇੱਕ ਦਿਨ ਪਹਿਲਾਂ ਹੀ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਬੜ ਦਾ ਮੋਹਰ ਕਿਹਾ ਸੀ। ਉਨ੍ਹਾਂ ਇਲਜ਼ਾਮ ਵਾਇਆ ਸੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੀ ਸਰਕਾਰ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਿੱਚ ਮੌਜੂਦ ਮਾਫੀਆ ਰਾਜ ਕਾਰਨ ਪੰਜਾਬ ਚੋਣਾਂ ਹਾਰ ਗਈ ਹੈ ਤੇ ਇਸ ਨੂੰ ਹੁਣ ਆਪਣੇ ਆਪ ਨੂੰ ਨਵੇਂ ਸਿਰਿਓਂ ਬਦਲਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਵਾਲ ਵੀ ਉਹੀ ਕਰ ਸਕਦਾ ਹੈ ਜੋ ਇਮਾਨਦਾਰ ਹੋਵੇ। ਇਸ ਕਰਕੇ ਆਉਣ ਵਾਲਾ ਸਮਾਂ ਇਮਾਨਦਾਰਾਂ ਦਾ ਹੈ। ਉਨ੍ਹਾਂ ਕਿਹਾ ਕਿ 50 ਤੋਂ 60 ਅਜਿਹੇ ਲੀਡਰ ਕਾਂਗਰਸ ਵਿੱਚ ਹੋਣ ਜਿਨ੍ਹਾਂ 'ਤੇ ਲੋਕ ਭਰੋਸਾ ਕਰਦੇ ਹੋਣ। ਲੋਕਾ ਨੂੰ ਲੱਗੇ ਕਿ ਵਾਕਿਆ ਹੀ ਬਦਲਾਅ ਹੈ ਤੇ ਇਹ ਲੀਡਰ ਵਾਕਿਆ ਹੀ ਪੰਜਾਬ ਦੀ ਉਸਾਰੀ ਲਈ ਆਏ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਪੰਜ ਸਾਲਾਂ ਦੇ ਮਾਫੀਆ ਰਾਜ ਕਾਰਨ ਹਾਰੀ ਹੈ। ਮਾਫੀਆ ਨਾਲ ਲੜਾਈ ਕਿਸੇ ਇੱਕ ਵਿਅਕਤੀ ਖਿਲਾਫ ਨਹੀਂ ਸਗੋਂ ਸਿਸਟਮ ਖਿਲਾਫ ਸੀ। ਇਸ ਦੇ ਪਿੱਛੇ ਕੁਝ ਲੋਕ ਸਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਵੀ ਸ਼ਾਮਲ ਹੋ ਸਕਦੇ ਹਨ। ਅੱਜ ਵੀ ਪੰਜਾਬ ਦੀ ਹੋਂਦ ਦੀ ਲੜਾਈ ਹੈ, ਕਿਸੇ ਅਹੁਦੇ ਲਈ ਨਹੀਂ। ਜਿਸ ਦਿਨ ਪੰਜਾਬ 'ਚੋਂ ਮਾਫੀਆ ਖਤਮ ਹੋ ਜਾਵੇਗਾ, ਸੂਬਾ ਫਿਰ ਤੋਂ ਖੜ੍ਹਾ ਹੋ ਜਾਵੇਗਾ।