ਨਵਜੋਤ ਸਿੱਧੂ ਦੇ ਪੱਲੇ ਅਜੇ ਵੀ ਨਿਰਾਸ਼ਾ! ਕੈਪਟਨ 'ਇੱਛਾ' ਪੂਰੀ ਕਰਨ ਲਈ ਨਹੀਂ ਤਿਆਰ
ਨਵਜੋਤ ਸਿੱਧੂ ਦੀ ਅਜੇ ਕਾਂਗਰਸ ਵਿੱਚ ਦਾਲ ਗਲਦੀ ਦਿਖਾਈ ਨਹੀਂ ਦੇ ਰਹੀ। ਬੇਸ਼ੱਕ ਕੈਪਟਨ ਨੇ ਸਿੱਧੂ ਨਾਲ ਮੀਟਿੰਗ ਮਗਰੋਂ ਚੰਗੇ ਸੰਕੇਤ ਦਿੱਤੇ ਹਨ ਪਰ ਅਜੇ ਤੱਕ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ।
ਚੰਡੀਗੜ੍ਹ: ਨਵਜੋਤ ਸਿੱਧੂ ਦੀ ਅਜੇ ਕਾਂਗਰਸ ਵਿੱਚ ਦਾਲ ਗਲਦੀ ਦਿਖਾਈ ਨਹੀਂ ਦੇ ਰਹੀ। ਬੇਸ਼ੱਕ ਕੈਪਟਨ ਨੇ ਸਿੱਧੂ ਨਾਲ ਮੀਟਿੰਗ ਮਗਰੋਂ ਚੰਗੇ ਸੰਕੇਤ ਦਿੱਤੇ ਹਨ ਪਰ ਅਜੇ ਤੱਕ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਨਵਜੋਤ ਸਿੱਧੂ ਨੂੰ ਨਵੀਂ ਜ਼ਿੰਮਵਾਰੀ ਦੇਣ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ। ਇਸ ਕਰਕੇ ਸਿੱਧੂ ਵਿੱਚ ਵੀ ਇਸ ਵੇਲੇ ਨਿਰਾਸ਼ਾ ਦਿਖਾਈ ਦੇ ਰਹੀ ਹੈ।
ਦਰਅਸਲ ਪੰਜਾਬ ਕਾਂਗਰਸ ਨਾਲ ਸਬੰਧਤ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਨਿੱਚਰਵਾਰ ਨੂੰ ਰਸਮੀ ਗੱਲਬਾਤ ਨਾ ਹੋ ਸਕੀ। ਚਰਚਾ ਸੀ ਕਿ ਦੋਵੇਂ ਆਗੂ ਸਨਿੱਚਰਵਾਰ ਨੂੰ ਮਿਲਣਗੇ ਤੇ ਸਿੱਧੂ ਦੇ ਮੁੱਦੇ ਉੱਤੇ ਗੱਲਬਾਤ ਹੋ ਸਕਦੀ ਹੈ।
ਪਾਰਟੀ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਤੇ ਹਰੀਸ਼ ਰਾਵਤ ਵਿਚਾਲੇ ਫ਼ੋਨ ’ਤੇ ਹੀ ਗੱਲਬਾਤ ਹੋਈ ਪਰ ਸਿੱਧੂ ਦੀ ਕਾਂਗਰਸ ਵਿੱਚ ਨਵੀਂ ਪਾਰੀ ਤੇ ਉਨ੍ਹਾਂ ਦੀ ਪੰਜਾਬ ਕੈਬਨਿਟ ਵਿੱਚ ਵਾਪਸੀ ਬਾਰੇ ਭੇਤ ਹਾਲੇ ਬਰਕਰਾਰ ਹੈ। ਨਵਜੋਤ ਸਿੱਧੂ ਨੂੰ ਇਸ ਗੱਲਬਾਤ ਤੋਂ ਨਿਰਾਸ਼ਾ ਹੀ ਮਿਲੀ ਹੈ।
ਇਸ ਦਾ ਅੰਦਾਜ਼ਾ ਨਵਜੋਤ ਸਿੱਧੂ ਦੇ ਟਵੀਟ ਤੋਂ ਵੀ ਲਾਇਆ ਜਾ ਸਕਦਾ ਹੈ। ਉਨ੍ਹਾਂ ਟਵੀਟ ਕਰਕੇ ਆਪਣੇ ਖ਼ਾਸ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਉਨ੍ਹਾਂ ਦੇ ਟਵੀਟ ਵਿੱਚੋਂ ਨਿਰਾਸ਼ਾ ਝਲਕ ਰਹੀ ਹੈ। ਉਨ੍ਹਾਂ ਲਿਖਿਆ ਹੈ, ਖ਼ੁਦ ਨੂੰ ਇੰਨਾ ਕਾਬਲ ਨਾ ਬਣਾਓ… ਕੋਹਿਨੂਰ ਹੀਰੇ ਨੇ ਸਾਰੀ ਉਮਰ ਇਕੱਲਿਆਂ ਹੀ ਬਿਤਾਈ ਹੈ। ਨਵਜੋਤ ਸਿੱਧੂ ਦੀ ਨਿਰਾਸ਼ਾ ਇਸ ਕਰਕੇ ਵੀ ਹੈ ਕਿਉਂਕਿ ਉਹ ਪਿਛਲੇ ਪੌਣੇ ਦੋ ਸਾਲਾਂ ਤੋਂ ਹਾਸ਼ੀਏ ’ਤੇ ਹਨ ਤੇ ਚੋਣਾਂ ਨੇੜੇ ਆਉਂਦਿਆਂ ਹੀ ਉਨ੍ਹਾਂ ਨੂੰ ਮੁੜ ਸਰਗਰਮ ਕਰਨ ਦੀ ਦੌੜ ਜਿਹੀ ਲੱਗ ਗਈ ਹੈ।
ਪਾਰਟੀ ਆਗੂਆਂ ’ਚ ਇਸ ਮਾਮਲੇ ਨੂੰ ਲੈ ਕੇ ਚਰਚਾ ਹੈ ਕਿ ਨਵਜੋਤ ਸਿੱਧੂ ਅਸਲ ਵਿੱਚ ਉੱਪ ਮੁੱਖ ਮੰਤਰੀ ਦਾ ਅਹੁਦਾ ਚਾਹੁੰਦੇ ਹਨ ਤੇ ਜਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਚਾਹੁੰਦੇ ਹਨ ਪਰ ਕੈਪਟਨ ਅਮਰਿੰਦਰ ਇਨ੍ਹਾਂ ਦੋਵੇਂ ਸਥਿਤੀਆਂ ਲਈ ਤਿਆਰ ਨਹੀਂ।
ਇਸ ਮਾਮਲੇ ’ਚ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ’ਤੇ ਤਾਇਨਾਤ ਹਨ ਤੇ ਉਹ ਜੱਟ ਸਿੱਖ ਹਨ। ਜੇ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਜੱਟ ਸਿੱਖ (ਨਵਜੋਤ ਸਿੱਧੂ) ਨੂੰ ਬਣਾ ਦਿੱਤਾ ਗਿਆ, ਤਾਂ ਇਹ ਠੀਕ ਨਹੀਂ ਹੋਵੇਗਾ। ਇੰਝ ਕਈ ਵੱਡੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ। ਹਿੰਦੂ ਵਰਗ ਨੂੰ ਨੁਮਾਇੰਦਗੀ ਦੇਣ ਲਈ ਸੁਨੀਲ ਜਾਖੜ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ।