ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਹੀ ਰਹਿਣਗੇ। ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਮਗਰੋਂ ਚਰਚਾ ਹੈ ਕਿ ਉਨ੍ਹਾਂ ਨੂੰ ਮੁੜ ਕੈਬਨਿਟ ਵਿੱਚ ਅਹਿਮ ਮੰਤਰਾਲਾ ਦਿੱਤਾ ਜਾ ਸਕਦਾ ਹੈ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਉਨ੍ਹਾਂ ਪੰਜਾਬ ਕਾਂਗਰਸ ਅੰਦਰ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।


ਬੇਸ਼ੱਕ ਇਸ ਬਾਰੇ ਅਜੇ ਕੋਈ ਵੀ ਕਾਂਗਰਸੀ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਪਰ ਅੰਦਰੋ-ਅੰਦਰ ਚਰਚਾ ਹੈ ਕਿ ਨਵਜੋਤ ਸਿੱਧੂ ਨੂੰ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਸਰਗਰਮੀ ਵਿੱਢਣ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਅਜਿਹਾ ਹੋਣ ਦੀ ਸੂਰਤ ਵਿੱਚ ਉਹ 2022 ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੀ ਸਾਹਮਣੇ ਆ ਸਕਦੇ ਹਨ। ਇਸ ਦਾ ਕਾਰਨ ਇਹ ਹੈ ਕਿ ਕੈਪਟਨ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਇਹ ਉਨ੍ਹਾਂ ਦੀ ਆਖਰੀ ਪਾਰੀ ਹੈ।

ਬੇਸ਼ੱਕ ਇਸ ਤੋਂ ਬਾਅਦ ਕੈਪਟਨ ਨੇ ਪੰਜਾਬ ਦੀ ਅਜੇ ਹੋਰ ਸੇਵਾ ਦਾ ਇੱਛਾ ਜਾਹਿਰ ਕੀਤੀ ਹੈ ਪਰ ਹਾਈਕਮਾਨ ਕੋਲ ਪਹੁੰਚੀਆਂ ਰਿਪੋਰਟਾਂ ਮੁਤਾਬਕ ਕੈਪਟਨ ਦਾ ਗ੍ਰਾਫ ਪਹਿਲਾਂ ਨਾਲੋਂ ਡਿੱਗਿਆ ਹੈ। ਅਕਾਲੀ ਦਲ-ਬੀਜੇਪੀ ਦੇ 10 ਸਾਲਾ ਰਾਜ ਮਗਰੋਂ ਲੋਕਾਂ ਨੂੰ ਕੈਪਟਨ ਤੋਂ ਵੱਡੀਆਂ ਉਮੀਦਾਂ ਸੀ ਪਰ ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰ ਹਰ ਫਰੰਟ 'ਤੇ ਢਿੱਲੀ ਹੀ ਨਜ਼ਰ ਆਈ ਹੈ। ਇਸ ਦਾ ਲਾਹਾ ਸਿੱਧੂ ਨੂੰ ਮਿਲ ਸਕਦਾ ਹੈ। ਉਂਝ ਵੀ ਕਾਂਗਰਸ ਦੇ ਵੱਡੀ ਗਿਣਤੀ ਵਿਧਾਇਕ ਨਵੇਂ ਲੀਡਰ ਨੂੰ ਅੱਗੇ ਲਿਆਉਣ ਦੇ ਹੱਕ ਵਿੱਛ ਹਨ।

ਦੱਸ ਦਈਏ ਕਿ ਪੰਜਾਬ ਦੀ ਸਿਆਸਤ ਤੋਂ ਕਈ ਮਹੀਨੇ ਗਾਇਬ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਦਿੱਲੀ ਵਿੱਚ ਦੋ ਦਿਨ ਮੁਲਾਕਾਤਾਂ ਕੀਤੀਆਂ। ਉਨ੍ਹਾਂ ਦੋਵੇਂ ਆਗੂਆਂ ਨਾਲ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਸਿੱਧੂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਸੀ ਕਿ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਦਿੱਲੀ ਸੱਦ ਕੇ ਵੱਖ ਵੱਖ ਮੁੱਦਿਆਂ ਬਾਰੇ ਵਿਚਾਰਾਂ ਕੀਤੀਆਂ। ਉਨ੍ਹਾਂ ਪ੍ਰਿਯੰਕਾ ਗਾਂਧੀ ਨਾਲ 25 ਫਰਵਰੀ ਨੂੰ 40 ਮਿੰਟ ਤੇ ਸੋਨੀਆ ਗਾਂਧੀ ਨਾਲ 26 ਫਰਵਰੀ ਨੂੰ ਇਕ ਘੰਟੇ ਤੋਂ ਵਧ ਸਮੇਂ ਤੱਕ ਬੈਠਕਾਂ ਕੀਤੀਆਂ। ਸਿੱਧੂ ਨੇ ਦੱਸਿਆ ਕਿ ਦੋਵੇਂ ਆਗੂਆਂ ਨੇ ਠਰ੍ਹੰਮੇ ਨਾਲ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤੇ ਪੰਜਾਬ ’ਚ ਕਾਂਗਰਸ ਪਾਰਟੀ ਨੂੰ ਸੁਰਜੀਤ ਕਰਨ ਤੇ ਸੂਬੇ ਦੇ ਵਿਕਾਸ ਸਬੰਧੀ ‘ਰੋਡ ਮੈਪ’ ਬਾਰੇ ਗੱਲਬਾਤ ਕੀਤੀ।