ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਵਿਧਾਨ ਸਭਾ ਅੰਦਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ’ਤੇ ਅਕਾਲੀ ਵਿਧਾਇਕਾਂ ਨੇ ਜਾਣਬੁੱਝ ਅੜਿੱਕਾ ਪਾਇਆ ਕਿਉਂਕਿ ਉਨ੍ਹਾਂ ਦੇ ਮਨਾਂ ਵਿੱਚ ਡਰ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸ ਉੱਪਰ ਹਰਸਿਮਰਤ ਬਾਦਲ ਦੇ ਤਿੰਨ ਥਾਈਂ ਦਸਤਖਤ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਖੇਤੀ ਕਾਨੂੰਨ ਲਾਗੂ ਨਹੀਂ ਹੋਣਗੇ।



ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬਧਨ ਕਰਦਿਆਂ ਕਿਹਾ ਕਿ ਸਦਨ ਵਿੱਚ ਅਕਾਲੀ ਦਲ ਨੇ ਜਾਣਬੁੱਝ ਕੇ ਅੜਿੱਕਾ ਪਾਇਆ। ਇਸ ਲਈ ਆਪਣੀ ਗੱਲ ਕਹਿਣ ਲਈ ਮੈਨੂੰ ਉਚੇਚੇ ਤੌਰ ’ਤੇ ਇੱਥੇ ਆ ਕੇ ਤੁਹਾਡੇ ਨਾਲ ਰੂ-ਬ-ਰੂ ਹੋਣਾ ਪਿਆ। ਸਿੱਧੂ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਹਨ, ਉਹ ਕੁਝ ਸਮੇਂ ਲਈ ਨਹੀਂ ਬਲਕਿ 5 ਸਾਲਾਂ ਲਈ ਲਾਗੂ ਰਹਿਣਗੇ। ਸਿੱਧੂ ਨੇ ਕਿਹਾ ਕਿ ਜੋ ਰੋਡਮੈਪ ਪੰਜਾਬ ਦੀ ਤਰੱਕੀ ਲਈ ਬਣਾਇਆ ਗਿਆ ਹੈ, ਉਸ ਲਈ ਪੰਜਾਬ ਦੇ ਆਮਦਨ ਸੋਮਿਆਂ ਨਾਲ ਖਜ਼ਾਨਾ ਭਰਨਾ ਪਵੇਗਾ।

ਸਿੱਧੂ ਨੇ ਕਿਸਾਨੀ ਮੁੱਦੇ ’ਤੇ ਕਿਹਾ ਕਿ ਅੱਜ ਕਿਸਾਨ ਧਰਨਿਆਂ ’ਤੇ ਬੈਠਾ, ਕਰਜ਼ ਕਾਰਨ ਖੁਦਕੁਸ਼ੀਆਂ ਹੋ ਰਹੀਆਂ ਹਨ, ਇਹ ਖੇਤੀਬਾੜੀ ਸੰਕਟ ਦੇ ਲੱਛਣ ਹਨ। ਪਿਛਲੇ 20 ਸਾਲਾਂ ਵਿੱਚ ਕਿਸਾਨੀ ਦੇ ਸੁਧਾਰ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। 2013 ਵਿੱਚ ਕੰਟਰੈਕਟ ਫਾਰਮਿੰਗ ਐਕਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸਨ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ ਵਿੱਚ ਅੱਜ ਕਾਂਗਰਸੀਆਂ ਤੇ ਅਕਾਲੀਆਂ ਦੇ ਤਿੱਖੇ ਟਾਕਰੇ ਹੋਏ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਘਸੀਟਿਆ ਤਾਂ ਜੰਮ ਕੇ ਤੂੰ-ਤੂੰ ਮੈਂ-ਮੈਂ ਹੋਈ। ਇੱਕ ਵਾਰ ਤਾਂ ਹਾਲਾਤ ਤਣਾਅ ਵਾਲੇ ਬਣ ਗਏ ਤੇ ਇੰਝ ਲੱਗਿਆ ਜਿਵੇਂ ਮੁਹੱਲੇ ਦੇ ਦੋ ਧੜੇ ਲੜ ਰਹੇ ਹੋਣ।

ਦਰਅਸਲ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਸੰਬੋਧਨ 'ਚ ਅਕਾਲੀਆਂ 'ਤੇ ਜ਼ੋਰਦਾਰ ਹਮਲਾ ਕਰਦੇ ਹੋਏ ਤਿੱਖੇ ਸਵਾਲ ਉਠਾਏ ਹੈ। ਇਸ ਮੌਕੇ ਮਜੀਠੀਆ ਤੇ ਚੰਨੀ ਦੀ ਤਿੱਖੀ ਬਹਿਸ ਹੋਈ। ਇਸ ਮੌਕੇ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਸ਼ਰੇਆਮ ਤਸਕਰ ਕਹਿ ਕੇ ਸੰਬੋਧਨ ਕੀਤਾ। ਅਕਾਲੀ ਲੀਡਰ ਵੀ ਤਲਖੀ ਵਿੱਚ ਆ ਗਏ।