ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Punjab News: ਪੰਜਾਬ ਦੇ ਕਾਂਗਰਸੀ ਆਗੂਆਂ ਦਾ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ। ਨਵਜੋਤ ਸਿੱਧੂ ਨੇ ਹਾਰ ਦਾ ਕਾਰਨ ਦੱਸਦੇ ਹੋਏ ਸੂਬੇ ਵਿੱਚ ਫੈਲੇ ਮਾਫੀਆ ਲਈ ਚਰਨਜੀਤ ਚੰਨੀ (Charanjit Singh Channi) ਨੂੰ ਜ਼ਿੰਮੇਵਾਰ ਠਹਿਰਾਇਆ।


ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਵਾਪਸੀ ਦਾ ਰਸਤਾ ਦੱਸਿਆ ਹੈ। ਸਿੱਧੂ ਨੇ ਕਿਹਾ, ''ਕਾਂਗਰਸ ਨੂੰ ਨਵੇਂ ਸਿਰਿਓਂ ਕੰਮ ਕਰਨਾ ਪਵੇਗਾ। ਡੰਕੇ ਦੀ ਸੱਟ 'ਤੇ ਕਹਾਂਗਾ ਕਿ ਕਾਂਗਰਸ 5 ਸਾਲ ਦੇ ਮਾਫੀਆ ਰਾਜ ਕਾਰਨ ਹਾਰੀ। ਮੈਂ ਇਸ ਮਾਫੀਆ ਰਾਜ ਵਿਰੁੱਧ ਲੜਦਾ ਰਿਹਾ। ਇਹ ਲੜਾਈ ਸਿਸਟਮ ਦੇ ਖਿਲਾਫ ਸੀ। ਕੁਝ ਲੋਕਾਂ ਦਾ ਕਾਰੋਬਾਰ ਸੀ, ਜੋ ਸੂਬੇ ਨੂੰ ਦੀਮਕ ਵਾਂਗ ਖਾ ਰਿਹਾ ਸੀ। ਇਸ ਵਿੱਚ ਸੀਐਮ ਵੀ ਸ਼ਾਮਲ ਸੀ।"


ਇਹ ਪਹਿਲੀ ਵਾਰ ਨਹੀਂ ਜਦੋਂ ਨਵਜੋਤ ਸਿੱਧੂ ਨੇ ਚਰਨਜੀਤ ਚੰਨੀ 'ਤੇ ਨਿਸ਼ਾਨਾ ਸਾਧਿਆ ਹੋਵੇ। ਜਦੋਂ ਤੋਂ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਹੀ ਸਿੱਧੂ ਚਰਨਜੀਤ ਚੰਨੀ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਤੇ ਚੰਨੀ ਦੋਵਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


ਕੈਪਟਨ ਅਮਰਿੰਦਰ 'ਤੇ ਵੀ ਸਾਧਿਆ ਨਿਸ਼ਾਨਾ


ਚੰਨੀ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਮਾਫੀਆ ਰਾਜ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਗਾਉਂਦੇ ਰਹੇ ਹਨ। ਨਵਜੋਤ ਸਿੱਧੂ ਦੀ ਬਦੌਲਤ ਹੀ ਕਾਂਗਰਸ ਹਾਈਕਮਾਂਡ ਨੇ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਗਈ ਸੀ।


ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਵੀ ਕਾਂਗਰਸ ਤੋਂ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਦੌੜ ਵਿੱਚ ਸ਼ਾਮਲ ਸੀ ਪਰ ਕਾਂਗਰਸ ਪਾਰਟੀ ਨੇ ਨਵਜੋਤ ਸਿੱਧੂ ਦੀ ਥਾਂ ਪਾਰਟੀ ਦੇ ਦਲਿਤ ਚਿਹਰੇ ਚਰਨਜੀਤ ਚੰਨੀ 'ਤੇ ਹੀ ਦਾਅ ਖੇਡਿਆ।


ਇਹ ਵੀ ਪੜ੍ਹੋ