ਬਠਿੰਡਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੱਗ ਜ਼ਾਹਰ ਹੋ ਚੁੱਕੇ ਮੱਤਭੇਦ ਹੁਣ ਹੋਰ ਵੀ ਡੂੰਘੇ ਹੋ ਗਏ ਹਨ, ਕਿਉਂਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਰੀ ਸਟੇਜ ਤੋਂ ਦੋਸਤਾਨਾ ਮੈਚ ਖੇਡੇ ਜਾਣ ਬਾਰੇ ਸਵਾਲ ਚੁੱਕੇ। ਸ਼ਬਦਾਂ ਦੇ ਜਾਦੂਗਰ ਨੇ ਲੋਕਾਂ ਨੂੰ 75:25 ਦੀ ਹਿੱਸੇਦਾਰੀ ਬਾਰੇ ਬੋਲ ਕੇ ਹੈਰਾਨ ਕਰ ਦਿੱਤਾ। ਸਿੱਧੂ ਨੇ ਕੈਪਟਨ ਬਾਰੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਤੇ ਕੋਈ ਕਸਰ ਵੀ ਬਾਕੀ ਨਹੀਂ ਛੱਡੀ।


ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੌਰੇ 'ਤੇ ਸਨ, ਉਨ੍ਹਾਂ ਕੈਪਟਨ ਤੇ ਸੁਖਬੀਰ 'ਤੇ ਮਿਲੀਭੁਗਤ ਤਹਿਤ ਬਠਿੰਡਾ ਤੇ ਪਟਿਆਲਾ ਤੋਂ ਆਪਣੀਆਂ ਪਤਨੀਆਂ ਨੂੰ ਜਿਤਾਉਣ ਲਈ ਗੰਢਤੁੱਪ ਹੋਣ ਦਾ ਦੋਸ਼ ਲਾਇਆ ਸੀ। ਸਿੱਧੂ ਵੀ ਕੇਜਰੀਵਾਲ ਵੱਲ ਡੱਕਾ ਸੁੱਟਦੇ ਨਜ਼ਰ ਆਏ।

ਬਠਿੰਡਾ ਦੇ ਆਰਿਆ ਸਮਾਜ ਚੌਕ ਵਿੱਚ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਪੁੱਜੇ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਉਨ੍ਹਾਂ ਆਪਣੀ ਮਾਂ ਦਾ ਸੁਫ਼ਨਾ ਦੇਖਿਆ। ਸਿੱਧੂ ਮੁਤਾਬਕ ਉਨ੍ਹਾਂ ਦੀ ਮਾਂ ਨੇ ਕਿਹਾ ਕਿ ਹੁਣ ਝੋਲੀਆਂ ਅੱਡਣੀਆਂ ਬੰਦ ਕਰ ਦੇ ਤੇ ਹੁਣ ਕਹਿਣ ਦਾ ਸਮਾਂ ਆ ਗਿਆ ਹੈ ਕਿ ਸਾਡਾ ਹੱਕ ਐਥੇ ਰੱਖ।

ਸਿੱਧੂ ਨੇ ਅੱਗੇ ਕਿਹਾ, "ਭੱਜ 75:25 ਵਾਲਿਆ, ਭੱਜ ਬਾਦਲਾ ਭੱਜ ਕਿ ਸਿੱਧੂ ਆਇਆ, ਕੁਰਸੀ ਖਾਲੀ ਕਰੋ।" ਸਿੱਧੂ ਦੇ ਮੂੰਹੋਂ 75:25 ਵਾਲੀ ਗੱਲ ਸੁਣਦੇ ਹੀ ਲੋਕ ਹੈਰਾਨ ਹੋ ਗਏ। ਸਿੱਧੂ ਇੱਥੇ ਹੀ ਨਹੀਂ ਰੁਕੇ ਤੇ ਲੋਕਾਂ ਨੂੰ ਕਿਹਾ ਕਿ ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਵੋਟਾਂ ਨਾਲ ਠੋਕ ਦਿਓ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਠਿੰਡਾ ਦੇ ਲੋਕਾਂ ਤੋਂ ਪੁੱਛਦੇ ਹਨ ਕਿ ਵੱਡਾ ਕੌਣ ਹੈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂ ਫਿਰ ਐਸਆਈਟੀ? ਸਿੱਧੂ ਨੇ ਕਿਹਾ ਕਿ ਫਿਰ ਬਾਦਲਾਂ ਖ਼ਿਲਾਫ਼ ਕੇਸ ਕਿਉਂ ਨਹੀਂ ਦਰਜ ਕੀਤਾ ਗਿਆ।

ਕੈਪਟਨ ਵੱਲ ਇਸ਼ਾਰਾ ਕਰਦਿਆਂ ਸਿੱਧੂ ਨੇ ਕਿਹਾ,"ਜੇ ਪਾਰਟੀ ਚੋਣਾਂ ਨਹੀਂ ਜਿੱਤਦੀ ਤਾਂ ਕੋਈ ਅਸਤੀਫਾ ਦੇ ਦੇਵੇਗਾ, ਪਰ ਮੈਂ ਕਹਿਨਾਂ ਹਾਂ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਨਿਆਂ ਨਾ ਮਿਲਿਆ ਤਾਂ ਮੈਂ ਅਸਤੀਫ਼ਾ ਦੇ ਦਿਆਂਗਾ।" ਸਿੱਧੂ ਨੇ ਕਿਹਾ ਕਿ ਅਕਾਲੀਆਂ ਨੇ ਸੂਬੇ ਨੂੰ ਲੁੱਟ ਲਿਆ। ਉਨ੍ਹਾਂ ਮਾਇਨਿੰਗ, ਸ਼ਰਾਬ ਤੇ ਟਰਾਂਸਪੋਰਟ ਮਾਫ਼ੀਆ ਦੇ ਮਾਮਲੇ 'ਤੇ ਵੀ ਅਕਾਲੀ ਦਲ ਨੂੰ ਘੇਰਿਆ। ਨਵਜੋਤ ਸਿੱਧੂ ਨੇ ਕਿਹਾ ਕਿ ਠੋਕ ਦਿਓ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ, ਜਿਨ੍ਹਾਂ ਦੇ 75:25 ਹਿੱਸੇ ਹਨ, ਉਨ੍ਹਾਂ ਨੂੰ ਵੀ ਠੋਕ ਦਿਓ।